ਤਾਜਾ ਖਬਰਾਂ
ਬੰਗਲਾਦੇਸ਼ ਦੀਆਂ ਸੰਸਦੀ ਚੋਣਾਂ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਨੇ ਇਤਿਹਾਸਕ ਜਿੱਤ ਦਰਜ ਕਰਦਿਆਂ ਸੱਤਾ ਵੱਲ ਮਜ਼ਬੂਤ ਕਦਮ ਵਧਾਏ ਹਨ। ਚੋਣ ਨਤੀਜਿਆਂ ਦੇ ਰੁਝਾਨਾਂ ਅਨੁਸਾਰ 60 ਸਾਲਾ ਤਾਰੀਕ ਰਹਮਾਨ ਦਾ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੈ। ਆਵਾਮੀ ਲੀਗ ਦੀ ਗੈਰ-ਮੌਜੂਦਗੀ ਵਿੱਚ ਹੋਈਆਂ ਇਨ੍ਹਾਂ ਚੋਣਾਂ ਨੇ ਬੰਗਲਾਦੇਸ਼ ਦੀ ਸਿਆਸਤ ਵਿੱਚ ਇੱਕ ਨਵੇਂ ਅਧਿਆਏ ਦਾ ਮੁੱਢ ਬੰਨ੍ਹ ਦਿੱਤਾ ਹੈ।
ਤਾਰੀਕ ਰਹਮਾਨ ਦੀ ਵੱਡੀ ਜਿੱਤ
ਪਾਰਟੀ ਸਰੋਤਾਂ ਅਨੁਸਾਰ ਤਾਰੀਕ ਰਹਮਾਨ ਨੇ ਢਾਕਾ-17 ਅਤੇ ਬੋਗੁਰਾ-6 ਦੋਵਾਂ ਹਲਕਿਆਂ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਬੀਐਨਪੀ ਦੇ ਬੁਲਾਰੇ ਮਹਦੀ ਅਮੀਨ ਨੇ ਦਾਅਵਾ ਕੀਤਾ ਕਿ ਪਾਰਟੀ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਦੋ-ਤਿਹਾਈ ਬਹੁਮਤ ਵੱਲ ਵਧ ਰਹੀ ਹੈ। ਪਾਰਟੀ ਦੇ ਸੀਨੀਅਰ ਨੇਤਾ ਰੂਹੁਲ ਕਬੀਰ ਰਿਜ਼ਵੀ ਨੇ ਇਸ ਨੂੰ ਜਨਤਾ ਦਾ "ਇਤਿਹਾਸਕ ਫਤਵਾ" ਕਰਾਰ ਦਿੱਤਾ ਹੈ।
ਵਿਸ਼ਵ ਨੇਤਾਵਾਂ ਵੱਲੋਂ ਵਧਾਈਆਂ ਦਾ ਸਿਲਸਿਲਾ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਰੀਕ ਰਹਮਾਨ ਨੂੰ ਇਸ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ ਹੈ। 'ਐਕਸ' (ਪਹਿਲਾ ਟਵਿੱਟਰ) 'ਤੇ ਇੱਕ ਸੰਦੇਸ਼ ਸਾਂਝਾ ਕਰਦਿਆਂ ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਅਤੇ ਬੰਗਲਾਦੇਸ਼ ਦੇ ਬਹੁਪੱਖੀ ਸਬੰਧ ਹੋਰ ਮਜ਼ਬੂਤ ਹੋਣਗੇ। ਭਾਰਤ ਦੇ ਨਾਲ-ਨਾਲ ਅਮਰੀਕਾ ਨੇ ਵੀ ਇਨ੍ਹਾਂ ਚੋਣਾਂ ਦਾ ਸਵਾਗਤ ਕੀਤਾ ਹੈ। ਅਮਰੀਕੀ ਰਾਜਦੂਤ ਬ੍ਰੈਂਟ ਟੀ. ਕ੍ਰਿਸਟੈਨਸਨ ਨੇ ਨਵੇਂ ਪ੍ਰਸ਼ਾਸਨ ਨਾਲ ਮਿਲ ਕੇ ਖੁਸ਼ਹਾਲੀ ਅਤੇ ਖੇਤਰੀ ਸੁਰੱਖਿਆ ਲਈ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।
17 ਸਾਲਾਂ ਦੀ ਜਲਾਵਤਨੀ ਤੋਂ ਬਾਅਦ ਵਾਪਸੀ
ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਮਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲੇਦਾ ਜ਼ਿਆ ਦੇ ਪੁੱਤਰ ਤਾਰੀਕ ਰਹਮਾਨ ਲਈ ਇਹ ਸਫ਼ਰ ਚੁਣੌਤੀਆਂ ਭਰਿਆ ਰਿਹਾ ਹੈ। ਲਗਭਗ 17 ਸਾਲ ਲੰਡਨ ਵਿੱਚ ਜਲਾਵਤਨੀ ਕੱਟਣ ਤੋਂ ਬਾਅਦ ਉਹ ਦੇਸ਼ ਪਰਤੇ ਸਨ। ਦਸੰਬਰ 2025 ਵਿੱਚ ਆਪਣੀ ਮਾਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੇ ਅਧਿਕਾਰਕ ਤੌਰ 'ਤੇ ਪਾਰਟੀ ਦੀ ਕਮਾਨ ਸੰਭਾਲੀ। ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਉਨ੍ਹਾਂ 'ਤੇ ਚੱਲ ਰਹੇ ਕਈ ਅਪਰਾਧਿਕ ਮਾਮਲੇ ਵੀ ਰੱਦ ਕਰ ਦਿੱਤੇ ਗਏ ਸਨ।
ਭਾਰਤ-ਬੰਗਲਾਦੇਸ਼ ਸਬੰਧਾਂ ਦੀ ਨਵੀਂ ਇਬਾਰਤ
ਨਵੀਂ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਕੂਟਨੀਤਕ ਚੁਣੌਤੀ ਭਾਰਤ ਨਾਲ ਸਬੰਧਾਂ ਨੂੰ ਸੰਤੁਲਿਤ ਕਰਨਾ ਹੋਵੇਗੀ। ਤਾਰੀਕ ਰਹਮਾਨ ਨੇ ਸੰਕੇਤ ਦਿੱਤਾ ਹੈ ਕਿ ਭਵਿੱਖ ਦੇ ਰਿਸ਼ਤੇ "ਆਪਸੀ ਸਤਿਕਾਰ" 'ਤੇ ਆਧਾਰਿਤ ਹੋਣਗੇ। ਮਾਹਿਰਾਂ ਦਾ ਮੰਨਣਾ ਹੈ ਕਿ ਬੰਗਲਾਦੇਸ਼ ਵਿੱਚ ਸੱਤਾ ਦਾ ਇਹ ਤਬਾਦਲਾ ਪੂਰੇ ਦੱਖਣੀ ਏਸ਼ੀਆ ਦੀ ਭੂ-ਰਾਜਨੀਤੀ 'ਤੇ ਡੂੰਘਾ ਅਸਰ ਪਾਵੇਗਾ।
Get all latest content delivered to your email a few times a month.