ਤਾਜਾ ਖਬਰਾਂ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਹਤ ਨੂੰ ਲੈ ਕੇ ਇੱਕ ਰੂਹ ਕੰਬਾਊ ਖ਼ੁਲਾਸਾ ਹੋਇਆ ਹੈ। ਅਦਾਲਤ ਵੱਲੋਂ ਨਿਯੁਕਤ ਮਾਹਿਰਾਂ ਦੀ ਤਾਜ਼ਾ ਰਿਪੋਰਟ ਮੁਤਾਬਕ, ਅਦਿਆਲਾ ਜੇਲ੍ਹ ਵਿੱਚ ਬੰਦ ਖਾਨ ਦੀ ਸੱਜੀ ਅੱਖ ਦੀ ਰੋਸ਼ਨੀ ਲਗਭਗ ਖ਼ਤਮ ਹੋਣ ਦੇ ਕੰਢੇ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਉਨ੍ਹਾਂ ਦੀ ਸੱਜੀ ਅੱਖ ਦੀ ਦੇਖਣ ਦੀ ਸਮਰੱਥਾ ਸਿਰਫ਼ 15 ਫ਼ੀਸਦੀ ਰਹਿ ਗਈ ਹੈ।
ਸਾਜ਼ਿਸ਼ ਜਾਂ ਲਾਪਰਵਾਹੀ?
ਅਦਾਲਤੀ ਮਾਹਿਰ ਸਲਮਾਨ ਸਫ਼ਦਰ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਕਤੂਬਰ 2025 ਤੱਕ ਇਮਰਾਨ ਖਾਨ ਦੀ ਨਜ਼ਰ ਪੂਰੀ ਤਰ੍ਹਾਂ ਸਹੀ ਸੀ। ਪਰ ਜੇਲ੍ਹ ਵਿੱਚ ਅਚਾਨਕ ਧੁੰਦਲਾਪਣ ਸ਼ੁਰੂ ਹੋਣ 'ਤੇ ਜਦੋਂ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ, ਤਾਂ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਬਾਅਦ ਵਿੱਚ ਹੋਈ ਜਾਂਚ 'ਚ ਸਾਹਮਣੇ ਆਇਆ ਕਿ ਅੱਖ ਵਿੱਚ ਖ਼ੂਨ ਦਾ ਥੱਕਾ ਜਮਣ ਕਾਰਨ ਨਸਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚ ਚੁੱਕਾ ਹੈ।
ਇਕਾਂਤ ਕੈਦ ਦਾ ਮਾਨਸਿਕ ਤਸ਼ੱਦਦ 73 ਸਾਲਾ ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਅਕਤੂਬਰ 2023 ਤੋਂ ਲਗਾਤਾਰ ਇਕਾਂਤ ਕੈਦ ਵਿੱਚ ਹਨ। ਰਿਪੋਰਟ ਅਨੁਸਾਰ, ਲੰਬੇ ਸਮੇਂ ਤੋਂ ਬਾਹਰੀ ਦੁਨੀਆ ਅਤੇ ਧੁੱਪ ਤੋਂ ਦੂਰ ਰਹਿਣ ਕਾਰਨ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਹਾਲਤ ਕਾਫ਼ੀ ਨਾਜ਼ੁਕ ਹੋ ਗਈ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਨਿੱਜੀ ਡਾਕਟਰਾਂ ਦੀ ਸਲਾਹ ਅਤੇ ਦੰਦਾਂ ਦੇ ਇਲਾਜ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ।
ਪਰਿਵਾਰ ਨਾਲ ਮੁਲਾਕਾਤ 'ਤੇ ਸਖ਼ਤ ਪਹਿਰੇ ਰਿਪੋਰਟ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਅੜੀਅਲ ਵਤੀਰੇ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਅਦਾਲਤੀ ਆਦੇਸ਼ਾਂ ਦੇ ਬਾਵਜੂਦ ਖਾਨ ਦੀਆਂ ਭੈਣਾਂ ਅਤੇ ਵਕੀਲਾਂ ਨੂੰ ਉਨ੍ਹਾਂ ਨਾਲ ਮਿਲਣ ਵਿੱਚ ਵੱਡੀਆਂ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ। ਹਫ਼ਤੇ ਵਿੱਚ ਸਿਰਫ਼ ਇੱਕ ਵਾਰ ਪਤਨੀ ਬੁਸ਼ਰਾ ਬੀਬੀ ਨਾਲ ਛੋਟੀ ਜਿਹੀ ਮੁਲਾਕਾਤ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਜਦਕਿ ਪੁੱਤਰਾਂ ਨਾਲ ਸੰਪਰਕ ਲਗਭਗ ਟੁੱਟ ਚੁੱਕਾ ਹੈ।
ਕੀ ਕਹਿੰਦੇ ਹਨ ਮਾਹਿਰ?
ਅਮੀਕਸ ਕਿਊਰੀਏ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਮਰਾਨ ਖਾਨ ਨੂੰ ਤੁਰੰਤ ਉਚੇਰੀ ਸਿਹਤ ਸਹੂਲਤਾਂ ਅਤੇ ਪਰਿਵਾਰਕ ਮਾਹੌਲ ਨਾ ਮਿਲਿਆ, ਤਾਂ ਸਥਿਤੀ ਬੇਕਾਬੂ ਹੋ ਸਕਦੀ ਹੈ। ਜਿੱਥੇ ਪੀਟੀਆਈ ਸਮਰਥਕ ਇਸ ਨੂੰ 'ਹੌਲੀ ਮੌਤ' (Slow Death) ਵੱਲ ਧੱਕਣ ਦੀ ਕੋਸ਼ਿਸ਼ ਦੱਸ ਰਹੇ ਹਨ, ਉੱਥੇ ਹੀ ਪਾਕਿਸਤਾਨੀ ਸਰਕਾਰ ਨੇ ਇਸ ਮਾਮਲੇ 'ਤੇ ਹਾਲੇ ਚੁੱਪੀ ਧਾਰੀ ਹੋਈ ਹੈ।
Get all latest content delivered to your email a few times a month.