ਤਾਜਾ ਖਬਰਾਂ
ਪੰਜਾਬੀ ਨੌਜਵਾਨਾਂ ਦੇ ਵਿਦੇਸ਼ੀ ਸੁਪਨੇ ਹੁਣ ਲਗਾਤਾਰ ਸੱਥਰਾਂ ਵਿੱਚ ਬਦਲਦੇ ਜਾ ਰਹੇ ਹਨ। ਤਰਨਤਾਰਨ ਦੇ ਇੱਕ ਮੱਧਵਰਗੀ ਪਰਿਵਾਰ ਦਾ ਚਿਰਾਗ਼, ਜੋ ਕਰਜ਼ੇ ਦੀ ਪੰਡ ਹੌਲੀ ਕਰਨ ਲਈ ਪੁਰਤਗਾਲ ਗਿਆ ਸੀ, ਉੱਥੋਂ ਹੁਣ ਕਦੇ ਵਾਪਸ ਨਾ ਪਰਤਣ ਵਾਲੀ ਦੁਨੀਆ 'ਚ ਚਲਾ ਗਿਆ ਹੈ। 24 ਸਾਲਾ ਦਿਲਰਾਜ ਸਿੰਘ ਦੀ ਭੇਤਭਰੀ ਮੌਤ ਨੇ ਮਾਪਿਆਂ ਦੇ ਸੁਪਨੇ ਚੂਰ-ਚੂਰ ਕਰ ਦਿੱਤੇ ਹਨ।
ਕਰਜ਼ੇ ਦੀ ਮਾਰ ਅਤੇ ਵਿਦੇਸ਼ ਦੀ ਉਡਾਣ
ਦਿਲਰਾਜ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਪਤਲੀ ਸੀ, ਜਿਸ ਨੂੰ ਸੁਧਾਰਨ ਲਈ ਪਰਿਵਾਰ ਨੇ 5 ਕਿੱਲੇ ਜ਼ਮੀਨ ਗਹਿਣੇ ਗਿਰਵੀ ਰੱਖੇ ਸੀ। ਸਾਲ 2022 ਵਿੱਚ, 12ਵੀਂ ਜਮਾਤ ਪਾਸ ਕਰਨ ਤੋਂ ਤੁਰੰਤ ਬਾਅਦ, ਦਿਲਰਾਜ ਨੇ ਇਸ ਉਮੀਦ ਨਾਲ ਪੁਰਤਗਾਲ ਦਾ ਰੁਖ਼ ਕੀਤਾ ਸੀ ਕਿ ਉਹ ਆਪਣੀ ਮਿਹਨਤ ਨਾਲ ਜ਼ਮੀਨ ਛੁਡਵਾ ਲਵੇਗਾ ਅਤੇ ਪਰਿਵਾਰ ਨੂੰ ਸੁਖੀ ਜੀਵਨ ਦੇਵੇਗਾ।
ਵੀਜ਼ਾ ਮਿਲਣ ਦੀ ਸੀ ਉਮੀਦ, ਪਰ ਮਿਲੀ ਮੌਤ ਦੀ ਖ਼ਬਰ
ਪਰਿਵਾਰਕ ਸੂਤਰਾਂ ਅਨੁਸਾਰ, ਦਿਲਰਾਜ ਨੇ ਹਾਲ ਹੀ ਵਿੱਚ ਆਪਣੇ ਵੀਜ਼ੇ ਦੇ ਕਾਗਜ਼ਾਤ ਰੀਨਿਊ ਕਰਵਾਉਣ ਲਈ ਲਗਾਏ ਸਨ। ਉਹ ਆਪਣੇ ਭਵਿੱਖ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਸੀ। ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬੀਤੀ 6-7 ਫਰਵਰੀ ਦੀ ਰਾਤ ਨੂੰ ਪਰਿਵਾਰ ਨੂੰ ਦਿਲਰਾਜ ਦੀ ਅਚਾਨਕ ਮੌਤ ਦੀ ਸੂਚਨਾ ਮਿਲੀ, ਜਿਸ ਨੇ ਪੂਰੇ ਪਿੰਡ ਨੂੰ ਸੁੰਨ ਕਰ ਦਿੱਤਾ।
ਪੰਜਾਬ ਦੀ ਬਦਹਾਲੀ 'ਤੇ ਉੱਠੇ ਸਵਾਲ
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਸਾਡੇ ਆਪਣੇ ਸੂਬੇ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਅਤੇ ਸੁਰੱਖਿਅਤ ਮਾਹੌਲ ਹੁੰਦਾ, ਤਾਂ ਕਿਸੇ ਵੀ ਮਾਂ-ਬਾਪ ਨੂੰ ਆਪਣਾ ਇਕਲੌਤਾ ਪੁੱਤਰ ਸੱਤ ਸਮੁੰਦਰੋਂ ਪਾਰ ਨਾ ਭੇਜਣਾ ਪੈਂਦਾ। ਅੱਜ ਇੱਕ ਪਾਸੇ ਜ਼ਮੀਨ ਹੱਥੋਂ ਜਾ ਚੁੱਕੀ ਹੈ ਅਤੇ ਦੂਜੇ ਪਾਸੇ ਘਰ ਦਾ ਕਮਾਊ ਪੁੱਤ ਵੀ ਚਲਾ ਗਿਆ ਹੈ।
ਪਰਿਵਾਰ ਨੇ ਹੁਣ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਮਾਂ ਆਪਣੇ ਪੁੱਤ ਦਾ ਆਖ਼ਰੀ ਵਾਰ ਮੂੰਹ ਦੇਖ ਸਕੇ।
Get all latest content delivered to your email a few times a month.