IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਕੈਨੇਡਾ ’ਚ ਗੈਂਗਸਟਰਾਂ ’ਤੇ ਸ਼ਿਕੰਜਾ, ਗੋਲਡੀ ਬਰਾੜ ਸਣੇ 296 ਅਪਰਾਧੀ...

ਕੈਨੇਡਾ ’ਚ ਗੈਂਗਸਟਰਾਂ ’ਤੇ ਸ਼ਿਕੰਜਾ, ਗੋਲਡੀ ਬਰਾੜ ਸਣੇ 296 ਅਪਰਾਧੀ ਡਿਪੋਰਟ ਹੋਣ ਦੀ ਕਗਾਰ ’ਤੇ

Admin User - Feb 19, 2026 12:31 PM
IMG

ਕੈਨੇਡਾ ਸਰਕਾਰ ਨੇ ਆਪਣੀ ਧਰਤੀ ’ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਗੈਂਗਸਟਰਾਂ ਵਿਰੁੱਧ ਸਭ ਤੋਂ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਅਤੇ ਅਰਸ਼ਦੀਪ ਡੱਲਾ ਵਰਗੇ ਕਈ ਖ਼ਤਰਨਾਕ ਗੈਂਗਸਟਰਾਂ ਨੂੰ ਭਾਰਤ ਡਿਪੋਰਟ ਕੀਤੇ ਜਾਣ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ।


ਸੀਬੀਐਸਏ ਦੀ ਸੂਚੀ ’ਚ 296 ਨਾਮ ਸ਼ਾਮਲ

ਕੈਨੇਡੀਅਨ ਮੀਡੀਆ ਰਿਪੋਰਟਾਂ ਅਨੁਸਾਰ, ‘ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ’ (CBSA) ਨੇ ਵੱਖ-ਵੱਖ ਦੇਸ਼ਾਂ ਨਾਲ ਸਬੰਧਤ 296 ਅਪਰਾਧੀਆਂ ਦੀ ਇੱਕ ਸੂਚੀ ਤਿਆਰ ਕੀਤੀ ਹੈ। ਇਨ੍ਹਾਂ ਵਿੱਚੋਂ 32 ਗੈਂਗਸਟਰਾਂ ਦੇ ਡਿਪੋਰਟੇਸ਼ਨ ਆਰਡਰ ਇੰਮੀਗ੍ਰੇਸ਼ਨ ਐਂਡ ਰਫਿਊਜੀ ਬੋਰਡ ਵੱਲੋਂ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਅਜੇ ਇਨ੍ਹਾਂ ਨਾਵਾਂ ਨੂੰ ਜਨਤਕ ਨਹੀਂ ਕੀਤਾ ਗਿਆ, ਪਰ ਸੂਤਰਾਂ ਮੁਤਾਬਕ ਭਾਰਤੀ ਮੂਲ ਦੇ ਕਈ ਵੱਡੇ ਗੈਂਗਸਟਰ ਪੁਲਿਸ ਦੀ ਰਾਡਾਰ 'ਤੇ ਹਨ।


ਪੰਜਾਬੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਗੰਭੀਰ ਨੋਟਿਸ

ਬ੍ਰਿਟਿਸ਼ ਕੋਲੰਬੀਆ (BC) ਖ਼ਾਸ ਕਰਕੇ ਸਰੀ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬੀ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਭਾਰੀ ਉਛਾਲ ਆਇਆ ਹੈ। ਜੂਨ 2025 ਤੋਂ ਬਾਅਦ ਹਿੰਸਾ ਦੀਆਂ ਇਹ ਵਾਰਦਾਤਾਂ ਤੇਜ਼ੀ ਨਾਲ ਵਧੀਆਂ ਹਨ। ਇਸ ਦੇ ਮੱਦੇਨਜ਼ਰ ਕੈਨੇਡੀਅਨ ਪੁਲਿਸ ਨੇ ਪੰਜਾਬੀ ਭਾਸ਼ਾ ਵਿੱਚ ਇੱਕ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕਰਕੇ ਪੀੜਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਰਨ ਦੀ ਬਜਾਏ ਪੁਲਿਸ ਕੋਲ ਆਉਣ।


ਵਿਸ਼ੇਸ਼ ਟਾਸਕ ਫੋਰਸ ਅਤੇ ਟਿਪ ਲਾਈਨ

ਸਰੀ ਪੁਲਿਸ ਨੇ ਫਿਰੌਤੀ ਦੇ ਮਾਮਲਿਆਂ ਦੀ ਜਾਂਚ ਲਈ 15 ਅਧਿਕਾਰੀਆਂ ਅਤੇ ਸਿਵਲੀਅਨ ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਹੈ। ਇਸ ਤੋਂ ਇਲਾਵਾ, ਇੱਕ ਨਵੀਂ ਹੈਲਪਲਾਈਨ ‘ਸਰੀ ਐਕਸਟੋਰਸ਼ਨ ਟਿਪ ਲਾਈਨ’ (236-485-5149) ਸ਼ੁਰੂ ਕੀਤੀ ਗਈ ਹੈ, ਜੋ ਹਫ਼ਤੇ ਦੇ ਸੱਤੇ ਦਿਨ ਕੰਮ ਕਰਦੀ ਹੈ। ਪੁਲਿਸ ਨੇ ਅਪਰਾਧੀਆਂ ਬਾਰੇ ਜਾਣਕਾਰੀ ਦੇਣ ਵਾਲਿਆਂ ਲਈ ਇਨਾਮ ਦਾ ਐਲਾਨ ਵੀ ਕੀਤਾ ਹੈ।


ਭਾਰਤ ਲਈ ਵੱਡੀ ਸਫ਼ਲਤਾ ਦੀ ਉਮੀਦ

ਜੇਕਰ ਕੈਨੇਡਾ ਸਰਕਾਰ ਗੋਲਡੀ ਬਰਾੜ ਅਤੇ ਅਰਸ਼ ਡੱਲਾ ਵਰਗੇ ਗੈਂਗਸਟਰਾਂ ਨੂੰ ਡਿਪੋਰਟ ਕਰਦੀ ਹੈ, ਤਾਂ ਇਹ ਭਾਰਤੀ ਸੁਰੱਖਿਆ ਏਜੰਸੀਆਂ ਲਈ ਵੱਡੀ ਜਿੱਤ ਹੋਵੇਗੀ। ਕੈਨੇਡਾ ਵਿੱਚ ਰਫ਼ਿਊਜੀ ਬਣ ਕੇ ਪਨਾਹ ਲੈਣ ਵਾਲੇ ਇਨ੍ਹਾਂ ਅਪਰਾਧੀਆਂ ਲਈ ਹੁਣ ਰਾਹ ਬੰਦ ਹੁੰਦੇ ਨਜ਼ਰ ਆ ਰਹੇ ਹਨ। ਪੁਲਿਸ ਮੁਤਾਬਕ ਫੋਨ ਕਾਲਾਂ, ਸੋਸ਼ਲ ਮੀਡੀਆ ਅਤੇ ਚਿੱਠੀਆਂ ਰਾਹੀਂ ਧਮਕੀਆਂ ਦੇਣ ਵਾਲੇ ਇਸ ਪੂਰੇ ਸਿੰਡੀਕੇਟ ਦੀਆਂ ਜੜ੍ਹਾਂ ਹੁਣ ਕੈਨੇਡੀਅਨ ਅਤੇ ਭਾਰਤੀ ਏਜੰਸੀਆਂ ਮਿਲ ਕੇ ਵੱਢਣਗੀਆਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.