ਤਾਜਾ ਖਬਰਾਂ
ਚੰਡੀਗੜ੍ਹ ਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਵਕੀਲ ਭਾਈਚਾਰੇ ਨਾਲ ਜੁੜੀਆਂ ਮੁੱਖ ਲੋੜਾਂ ਅਤੇ ਸਮੱਸਿਆਵਾਂ ਨੂੰ ਲੈ ਕੇ ਮੈਂਬਰ ਪਾਰਲੀਮੈਂਟ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗਲਵਾਰ ਨੂੰ ਐਮਪੀ ਸੰਧੂ ਨੇ ਬਾਰ ਐਸੋਸੀਏਸ਼ਨ ਦਾ ਦੌਰਾ ਕਰਕੇ ਵਕੀਲਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਧਿਆਨ ਨਾਲ ਸੁਣਿਆ।
ਇਸ ਦੌਰੇ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਚੌਹਾਨ, ਉੱਪ ਪ੍ਰਧਾਨ ਸੰਦੀਪ ਗੁੱਜਰ, ਸੈਕਟਰੀ ਅਮੀਸ਼ ਸ਼ਰਮਾ, ਖ਼ਜ਼ਾਨਚੀ ਉੱਜਵਲ ਭਸੀਨ ਅਤੇ ਜੁਆਇੰਟ ਸਕੱਤਰ ਪੂਜਾ ਦੀਵਾਨ ਸਮੇਤ ਕਈ ਅਧਿਕਾਰੀ ਮੌਜੂਦ ਰਹੇ। ਕਾਰਜਕਾਰੀ ਕਮੇਟੀ ਨੇ ਖ਼ਾਸ ਤੌਰ ’ਤੇ ਵਕੀਲ ਚੈਂਬਰ ਕੰਪਲੈਕਸ ਦੀ ਛੱਤ ਦੀ ਖਰਾਬ ਹਾਲਤ ਅਤੇ ਪਾਣੀ ਰਿਸਾਅ ਦੀ ਸਮੱਸਿਆ ਨੂੰ ਉਭਾਰਦਿਆਂ ਤੁਰੰਤ ਮੁਰੰਮਤ ਅਤੇ ਵਾਟਰਪਰੂਫ਼ਿੰਗ ਲਈ ਸਹਾਇਤਾ ਦੀ ਮੰਗ ਕੀਤੀ।
ਐਮਪੀ ਸੰਧੂ ਨੇ ਮੌਕੇ ’ਤੇ ਹੀ ਵਕੀਲਾਂ ਦੀ ਮੰਗ ਨੂੰ ਸਵੀਕਾਰਦੇ ਹੋਏ ਆਪਣੇ MPLADS ਫੰਡ ਵਿਚੋਂ 15 ਲੱਖ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਨਿਆਂ ਪ੍ਰਣਾਲੀ ਵਿੱਚ ਵਕੀਲਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਸਮਾਜ ਨੂੰ ਇਨਸਾਫ਼ ਦਿਵਾਉਣ ਵਿੱਚ ਉਨ੍ਹਾਂ ਦੀ ਸੇਵਾ ਕਾਬਿਲ-ਏ-ਤਾਰੀਫ਼ ਹੈ।
ਉਨ੍ਹਾਂ ਨੇ ਵਕੀਲ ਭਾਈਚਾਰੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਗਰੀਬ ਅਤੇ ਆਮ ਲੋਕਾਂ ਨੂੰ ਨਿਆਂ ਤੱਕ ਪਹੁੰਚ ਦਿਵਾਉਣਾ ਸਿਰਫ ਪੇਸ਼ਾ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਹੈ। ਐਮਪੀ ਨੇ ਭਰੋਸਾ ਦਿਵਾਇਆ ਕਿ ਵਕੀਲਾਂ ਨਾਲ ਜੁੜੇ ਹੋਰ ਮੁੱਦਿਆਂ ਨੂੰ ਵੀ ਤਰਜੀਹ ਦੇ ਆਧਾਰ ’ਤੇ ਹੱਲ ਕਰਨ ਲਈ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਜਾਵੇਗਾ।
Get all latest content delivered to your email a few times a month.