ਤਾਜਾ ਖਬਰਾਂ
ਭਾਰਤ ਦੀ ਸਰਵਉੱਚ ਅਦਾਲਤ (ਸੁਪਰੀਮ ਕੋਰਟ) ਨੇ ਬੁੱਧਵਾਰ ਨੂੰ ਇੱਕ ਬਹੁਤ ਹੀ ਵੱਡਾ ਅਤੇ ਭਾਵੁਕ ਫੈਸਲਾ ਸੁਣਾਇਆ ਹੈ। ਅਦਾਲਤ ਨੇ ਪਿਛਲੇ 13 ਸਾਲਾਂ ਤੋਂ ਅਚੇਤ ਅਵਸਥਾ (Vegetative State) ਵਿੱਚ ਬਿਸਤਰ 'ਤੇ ਪਏ ਗਾਜ਼ੀਆਬਾਦ ਦੇ ਹਰੀਸ਼ ਰਾਣਾ ਨੂੰ 'ਪੈਸਿਵ ਯੂਥਨੇਸੀਆ' (Passive Euthanasia) ਯਾਨੀ ਇੱਛਾ ਮੌਤ ਦੇਣ ਦੀ ਮੰਗ ਨੂੰ ਪ੍ਰਵਾਨ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਪੈਸਿਵ ਯੂਥਨੇਸੀਆ ਦੀ ਮਨਜ਼ੂਰੀ ਦਾ ਇਹ ਪਹਿਲਾ ਮਾਮਲਾ ਹੈ।
ਏਮਜ਼ (AIIMS) ਵਿੱਚ ਦਿੱਤਾ ਜਾਵੇਗਾ ਅੰਤਿਮ ਇਲਾਜ
ਅਦਾਲਤ ਨੇ ਹੁਕਮ ਦਿੱਤਾ ਹੈ ਕਿ ਹਰੀਸ਼ ਰਾਣਾ ਨੂੰ ਏਮਜ਼ (AIIMS) ਦੇ ਪੈਲੀਏਟਿਵ ਕੇਅਰ ਵਿੱਚ ਭਰਤੀ ਕੀਤਾ ਜਾਵੇਗਾ, ਤਾਂ ਜੋ ਮੈਡੀਕਲ ਟ੍ਰੀਟਮੈਂਟ (ਜੀਵਨ ਰੱਖਿਅਕ ਪ੍ਰਣਾਲੀ) ਵਾਪਸ ਲਈ ਜਾ ਸਕੇ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਸ ਪੂਰੀ ਪ੍ਰਕਿਰਿਆ ਨੂੰ ਪੂਰੀ 'ਮਨੁੱਖੀ ਮਰਿਆਦਾ' (Dignity) ਨਾਲ ਨੇਪਰੇ ਚਾੜ੍ਹਿਆ ਜਾਵੇ।
"ਅਸੀਂ ਲੜਕੇ ਨੂੰ ਅਸਹਿ ਦਰਦ ਵਿੱਚ ਨਹੀਂ ਰੱਖ ਸਕਦੇ" - ਸੁਪਰੀਮ ਕੋਰਟ
ਸੁਣਵਾਈ ਦੌਰਾਨ ਜਸਟਿਸ ਪਾਰਦੀਵਾਲਾ ਨੇ ਬੇਹੱਦ ਦੁਖੀ ਮਨ ਨਾਲ ਕਿਹਾ, "ਇਹ ਇੱਕ ਬਹੁਤ ਹੀ ਦੁਖਦਾਈ ਰਿਪੋਰਟ ਹੈ ਅਤੇ ਸਾਡੇ ਲਈ ਇਹ ਫੈਸਲਾ ਲੈਣਾ ਬਹੁਤ ਮੁਸ਼ਕਲ ਸੀ। ਪਰ ਅਸੀਂ ਇਸ ਲੜਕੇ ਨੂੰ ਇਸ ਤਰ੍ਹਾਂ ਅਪਾਰ ਦੁੱਖ ਅਤੇ ਤਕਲੀਫ਼ ਵਿੱਚ ਨਹੀਂ ਰੱਖ ਸਕਦੇ। ਅਸੀਂ ਉਸ ਪੜਾਅ 'ਤੇ ਹਾਂ ਜਿੱਥੇ ਅੱਜ ਸਾਨੂੰ ਇਹ ਆਖਰੀ ਫੈਸਲਾ ਲੈਣਾ ਹੀ ਪਵੇਗਾ।" ਸੁਪਰੀਮ ਕੋਰਟ ਨੇ ਫੈਸਲਾ ਸੁਣਾਉਣ ਤੋਂ ਪਹਿਲਾਂ ਹਰੀਸ਼ ਦੇ ਮਾਪਿਆਂ ਨਾਲ ਵੀ ਵਿਸਤਾਰ ਵਿੱਚ ਗੱਲਬਾਤ ਕੀਤੀ ਸੀ।
ਕਿਵੇਂ ਵਾਪਰਿਆ ਸੀ ਇਹ ਭਿਆਨਕ ਹਾਦਸਾ?
ਗਾਜ਼ੀਆਬਾਦ ਦਾ ਰਹਿਣ ਵਾਲਾ ਹਰੀਸ਼ ਰਾਣਾ ਸਾਲ 2013 ਵਿੱਚ ਚੰਡੀਗੜ੍ਹ ਵਿਖੇ ਪੜ੍ਹਾਈ ਕਰ ਰਿਹਾ ਸੀ। ਉਸ ਸਮੇਂ ਉਹ ਆਪਣੇ ਹੋਸਟਲ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਗਿਰ ਗਿਆ ਸੀ, ਜਿਸ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਉਦੋਂ ਤੋਂ ਹੀ ਉਹ ਲਗਾਤਾਰ 13 ਸਾਲਾਂ ਤੋਂ ਅਚੇਤ ਪਿਆ ਸੀ। ਲੰਬੇ ਸਮੇਂ ਤੱਕ ਬਿਸਤਰ 'ਤੇ ਪਏ ਰਹਿਣ ਕਾਰਨ ਉਸ ਦੇ ਸਰੀਰ 'ਤੇ ਡੂੰਘੇ ਜ਼ਖਮ ਹੋ ਗਏ ਸਨ ਅਤੇ ਉਹ 100 ਫੀਸਦੀ ਅਪਾਹਜਤਾ ਦਾ ਸ਼ਿਕਾਰ ਹੋ ਚੁੱਕਾ ਸੀ।
ਮਾਪਿਆਂ ਨੇ ਹਾਰ ਮੰਨੀ, ਅਦਾਲਤ ਤੋਂ ਮੰਗੀ ਮੌਤ
ਏਮਜ਼ ਦੀ ਮੈਡੀਕਲ ਰਿਪੋਰਟ ਮੁਤਾਬਕ ਹਰੀਸ਼ ਦੇ ਠੀਕ ਹੋਣ ਦੀ ਕੋਈ ਉਮੀਦ ਨਹੀਂ ਸੀ। ਆਪਣੇ ਜਵਾਨ ਪੁੱਤ ਨੂੰ ਤਿਲ-ਤਿਲ ਮਰਦਾ ਦੇਖ ਕੇ ਮਾਪਿਆਂ ਨੇ ਹਾਰ ਮੰਨ ਲਈ ਸੀ ਅਤੇ ਖ਼ੁਦ ਅਦਾਲਤ ਤੱਕ ਪਹੁੰਚ ਕਰਕੇ ਆਪਣੇ ਬੇਟੇ ਲਈ 'ਇੱਛਾ ਮੌਤ' ਦੀ ਗੁਹਾਰ ਲਗਾਈ ਸੀ, ਤਾਂ ਜੋ ਉਸ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਮੁਕਤੀ ਮਿਲ ਸਕੇ।
Get all latest content delivered to your email a few times a month.