ਤਾਜਾ ਖਬਰਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸੰਗਤ ਮੱਥਾ ਟੇਕਣ ਲਈ ਪਹੁੰਚਦੀ ਹੈ। ਇੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤ ਨੂੰ ਗੁਰੂ ਘਰ ਦੀ ਬਖਸ਼ਿਸ਼ ਵਜੋਂ ਸਰੋਪਾ ਭੇਟ ਕਰਨਾ ਇੱਕ ਅਟੱਲ ਮਰਯਾਦਾ ਹੈ। ਪਰ ਹੁਣ ਅੰਤਰਰਾਸ਼ਟਰੀ ਹਾਲਾਤਾਂ ਨੇ ਇਸ ਪ੍ਰੰਪਰਾ ‘ਤੇ ਵੀ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ।
ਮੈਨੇਜਰ ਭਗਵੰਤ ਸਿੰਘ ਧਾਗੇੜਾ ਦੇ ਮੁਤਾਬਕ, ਸਰੋਪਿਆਂ ਲਈ ਲੋੜੀਂਦੇ ਕੱਪੜੇ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਸ ਲਈ ਪਹਿਲਾਂ ਹੀ ਇੱਕ ਲੱਖ ਮੀਟਰ ਕੱਪੜੇ ਦਾ ਆਰਡਰ ਦਿੱਤਾ ਗਿਆ ਸੀ, ਪਰ ਹੁਣ ਤੱਕ ਸਿਰਫ਼ 19 ਹਜ਼ਾਰ ਮੀਟਰ ਹੀ ਪ੍ਰਾਪਤ ਹੋ ਸਕਿਆ ਹੈ। ਸਪਲਾਇਰ ਫਰਮ ਨੇ ਦੱਸਿਆ ਹੈ ਕਿ ਕੱਪੜਾ ਤਿਆਰ ਕਰਨ ਵਿੱਚ ਵਰਤੇ ਜਾਣ ਵਾਲੇ ਖ਼ਾਸ ਕੈਮੀਕਲ ਦੀ ਆਮਦ ਇਰਾਨ ਤੋਂ ਹੁੰਦੀ ਹੈ, ਜੋ ਮੌਜੂਦਾ ਜੰਗੀ ਸਥਿਤੀ ਕਾਰਨ ਰੁਕੀ ਹੋਈ ਹੈ।
ਇਸ ਕਰਕੇ ਸਰੋਪਿਆਂ ਦੀ ਉਪਲਬਧਤਾ ਘੱਟ ਹੋਣ ਦੀ ਸਮੱਸਿਆ ਖੜੀ ਹੋ ਗਈ ਹੈ। ਹਾਲਾਂਕਿ, ਪ੍ਰਬੰਧਕਾਂ ਵੱਲੋਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੌਜੂਦਾ ਸਟਾਕ ਦੇ ਜ਼ਰੀਏ ਸੰਗਤ ਨੂੰ ਬਖਸ਼ਿਸ਼ ਦੇਣ ਦੀ ਪਰੰਪਰਾ ਜਾਰੀ ਰਹੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਲੰਗਰ ਸੇਵਾ ਅਤੇ ਸੰਗਤ ਦੀ ਆਵਾਜਾਈ ‘ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪਿਆ।
ਇਹ ਘਟਨਾ ਦਰਸਾਉਂਦੀ ਹੈ ਕਿ ਦੁਨੀਆ ਦੇ ਰਾਜਨੀਤਿਕ ਤਣਾਅ ਹੁਣ ਧਾਰਮਿਕ ਸਥਾਨਾਂ ਦੀ ਰੋਜ਼ਾਨਾ ਪ੍ਰਬੰਧਕੀ ਪ੍ਰਕਿਰਿਆ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ।
Get all latest content delivered to your email a few times a month.