ਤਾਜਾ ਖਬਰਾਂ
ਧਾਰਮਿਕ ਨਗਰੀ ਵਰਿੰਦਾਵਨ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਵਾਪਰਿਆ ਕਿਸ਼ਤੀ ਹਾਦਸਾ ਹੋਰ ਵੀ ਭਿਆਨਕ ਰੂਪ ਧਾਰਨ ਕਰ ਗਿਆ ਹੈ। ਨਦੀ ਵਿੱਚੋਂ ਦੋ ਹੋਰ ਲਾਸ਼ਾਂ ਬਰਾਮਦ ਹੋਣ ਨਾਲ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਕੁੱਲ ਗਿਣਤੀ 13 ਤੱਕ ਪਹੁੰਚ ਗਈ ਹੈ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਪੰਜਾਬ ਦੇ ਲੁਧਿਆਣਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਸ਼ਰਧਾਲੂ ਸ਼ਾਮਲ ਹਨ, ਜੋ ਕਿ ਬੜੇ ਉਤਸ਼ਾਹ ਨਾਲ ਮਥੁਰਾ-ਵਰਿੰਦਾਵਨ ਦੀ ਯਾਤਰਾ 'ਤੇ ਆਏ ਸਨ।
ਪ੍ਰਤੱਖਦਰਸ਼ੀਆਂ ਅਤੇ ਰਿਪੋਰਟਾਂ ਅਨੁਸਾਰ, ਇਹ ਦਰਦਨਾਕ ਹਾਦਸਾ ਕੇਸੀ ਘਾਟ ਦੇ ਨੇੜੇ ਉਦੋਂ ਵਾਪਰਿਆ ਜਦੋਂ ਤੇਜ਼ ਹਵਾਵਾਂ ਕਾਰਨ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ। ਦੱਸਿਆ ਜਾ ਰਹੀ ਹੈ ਕਿ ਕਿਸ਼ਤੀ ਨਦੀ ਵਿੱਚ ਮੌਜੂਦ ਇੱਕ ਤੈਰਦੇ ਪੋਂਟੂਨ (ਲੋਹੇ ਦੇ ਡਰੰਮ ਵਾਲੇ ਢਾਂਚੇ) ਨਾਲ ਟਕਰਾ ਕੇ ਪਲਟ ਗਈ। ਹਾਲ ਹੀ ਵਿੱਚ ਇੱਕ ਪੋਂਟੂਨ ਪੁਲ ਨੂੰ ਹਟਾਇਆ ਗਿਆ ਸੀ, ਪਰ ਉਸਦੇ ਕੁਝ ਹਿੱਸੇ ਪਾਣੀ ਦੇ ਅੰਦਰ ਹੀ ਰਹਿ ਗਏ ਸਨ, ਜੋ ਇਸ ਹਾਦਸੇ ਦਾ ਮੁੱਖ ਕਾਰਨ ਬਣੇ।
ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਹੁਣ ਤੱਕ 16-17 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਾਲਾਂਕਿ, ਕਿਸ਼ਤੀ ਵਿੱਚ ਸਵਾਰ ਲੋਕਾਂ ਦੀ ਸਹੀ ਗਿਣਤੀ ਬਾਰੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ। ਲਾਪਤਾ ਲੋਕਾਂ ਦੀ ਭਾਲ ਲਈ ਐਨ.ਡੀ.ਆਰ.ਐਫ (NDRF), ਐਸ.ਡੀ.ਆਰ.ਐਫ (SDRF), ਪੀ.ਏ.ਸੀ (PAC) ਅਤੇ ਸਥਾਨਕ ਗੋਤਾਖੋਰਾਂ ਦੀਆਂ ਟੀਮਾਂ ਸਾਂਝੇ ਤੌਰ 'ਤੇ ਜੰਗੀ ਪੱਧਰ 'ਤੇ ਸਰਚ ਆਪ੍ਰੇਸ਼ਨ ਚਲਾ ਰਹੀਆਂ ਹਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਧਿਕਾਰੀਆਂ ਨੂੰ ਪੀੜਤ ਪਰਿਵਾਰਾਂ ਦੀ ਤੁਰੰਤ ਮਦਦ ਕਰਨ ਅਤੇ ਬਚਾਅ ਕਾਰਜਾਂ ਵਿੱਚ ਕੋਈ ਕਸਰ ਨਾ ਛੱਡਣ ਦੇ ਨਿਰਦੇਸ਼ ਦਿੱਤੇ ਹਨ।
ਪੰਜਾਬ ਦੇ ਮੁੱਖ ਮੰਤਰੀ ਨੇ ਇਸ ਹਾਦਸੇ ਨੂੰ ਬੇਹੱਦ ਦੁਖਦਾਈ ਦੱਸਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਲਗਾਤਾਰ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਪ੍ਰਸ਼ਾਸਨ ਵੱਲੋਂ ਹਾਦਸੇ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕੀ ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ। ਇਸ ਘਟਨਾ ਤੋਂ ਬਾਅਦ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਵਿੱਚ ਭਾਰੀ ਸੋਗ ਦੀ ਲਹਿਰ ਹੈ।
Get all latest content delivered to your email a few times a month.