ਤਾਜਾ ਖਬਰਾਂ
ਕੈਨੇਡਾ ਦੇ ਸ਼ਹਿਰ ਵੁਡਸਟਾਕ ਵਿੱਚ ਇੱਕ ਪੰਜਾਬੀ ਸਿੱਖ ਬਜ਼ੁਰਗ ਵਿਰੁੱਧ ਨਫ਼ਰਤੀ ਭਾਸ਼ਣ (Hate Speech) ਅਤੇ ਸਰੀਰਕ ਹਮਲੇ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਆਪਣੇ ਘਰ ਦੇ ਬਾਹਰ ਸੈਰ ਕਰ ਰਹੇ ਬਜ਼ੁਰਗ ਨੂੰ ਇੱਕ ਨੌਜਵਾਨ ਨੇ ਨਾ ਸਿਰਫ਼ ਨਸਲੀ ਟਿੱਪਣੀਆਂ ਦਾ ਨਿਸ਼ਾਨਾ ਬਣਾਇਆ, ਸਗੋਂ ਉਨ੍ਹਾਂ ਨੂੰ ਕੈਨੇਡਾ ਛੱਡ ਕੇ ਵਾਪਸ ਪੰਜਾਬ ਜਾਣ ਲਈ ਧਮਕਾਉਂਦਿਆਂ ਬੁਰੀ ਤਰ੍ਹਾਂ ਧੱਕੇ ਵੀ ਮਾਰੇ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਾਸਕ ਪਹਿਨੇ ਇੱਕ ਨੌਜਵਾਨ ਨੇ ਬਜ਼ੁਰਗ ਨੂੰ ਘੇਰਿਆ ਹੋਇਆ ਹੈ। ਉਹ ਚੀਕਦਿਆਂ ਹੋਇਆਂ ਬਜ਼ੁਰਗ ਨੂੰ ਪੁੱਛ ਰਿਹਾ ਸੀ, "ਤੂੰ ਮੇਰੇ ਦੇਸ਼ ਵਿੱਚ ਕੀ ਕਰ ਰਿਹਾ ਹੈ?" ਇਸ ਦੌਰਾਨ ਉਹ ਨਸਲੀ ਵਿਤਕਰੇ ਭਰੀ ਭਾਸ਼ਾ ਦੀ ਵਰਤੋਂ ਕਰਦਾ ਅਤੇ ਬਜ਼ੁਰਗ ਨੂੰ ਧੱਕੇ ਮਾਰਦਾ ਦਿਖਾਈ ਦੇ ਰਿਹਾ ਹੈ। ਘਟਨਾ ਵੇਲੇ ਮੌਜੂਦ ਲੋਕਾਂ ਨੇ ਬਜ਼ੁਰਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਵੁਡਸਟਾਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਕਰਦਿਆਂ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ: ਮੁਲਜ਼ਮ ਨੌਜਵਾਨ ਨੇ ਇਹ ਕਾਰਾ ਕਿਸੇ ਦੇ ਉਕਸਾਵੇ ਵਿੱਚ ਨਹੀਂ, ਸਗੋਂ ਆਪਣੀ ਮਰਜ਼ੀ ਨਾਲ ਕੀਤਾ ਹੈ। ਕੈਨੇਡੀਅਨ ਕਾਨੂੰਨ ਅਤੇ ਗੋਪਨੀਯਤਾ ਦੇ ਨਿਯਮਾਂ ਕਾਰਨ ਪੀੜਤ ਬਜ਼ੁਰਗ ਦੀ ਪਛਾਣ ਫਿਲਹਾਲ ਨਸ਼ਰ ਨਹੀਂ ਕੀਤੀ ਗਈ। ਪੁਲਿਸ ਇਸ ਮਾਮਲੇ ਨੂੰ ‘ਹੇਟ ਕ੍ਰਾਈਮ’ (ਨਫ਼ਰਤੀ ਅਪਰਾਧ) ਦੇ ਨਜ਼ਰੀਏ ਤੋਂ ਦੇਖ ਰਹੀ ਹੈ। ਪੀੜਤ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੁਖਦਾਈ ਘਟਨਾ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਪਰ ਨਾਲ ਹੀ ਉਨ੍ਹਾਂ ਨੇ ਵੁਡਸਟਾਕ ਪੁਲਿਸ ਵੱਲੋਂ ਦਿਖਾਈ ਗਈ ਮੁਸਤੈਦੀ ਅਤੇ ਤੁਰੰਤ ਗ੍ਰਿਫਤਾਰੀ ਲਈ ਧੰਨਵਾਦ ਵੀ ਕੀਤਾ ਹੈ। ਕੈਨੇਡਾ ਵਿੱਚ ਵਧ ਰਹੀਆਂ ਅਜਿਹੀਆਂ ਨਸਲੀ ਘਟਨਾਵਾਂ ਨੇ ਪ੍ਰਵਾਸੀ ਭਾਈਚਾਰੇ, ਖਾਸ ਕਰਕੇ ਪੰਜਾਬੀਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਸਥਾਨਕ ਭਾਈਚਾਰਕ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਨਫ਼ਰਤ ਫੈਲਾਉਣ ਵਾਲੇ ਅਜਿਹੇ ਅਨਸਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।
Get all latest content delivered to your email a few times a month.