ਤਾਜਾ ਖਬਰਾਂ
ਪੰਜਾਬ ਵਿੱਚ ਮੰਗਲਵਾਰ ਰਾਤ ਦੌਰਾਨ ਸੁਰੱਖਿਆ ਪ੍ਰਣਾਲੀ ਨੂੰ ਹਿਲਾ ਦੇਣ ਵਾਲੀਆਂ ਦੋ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ ਨੇ ਕੁੱਲ ਮਿਲਾ ਕੇ ਰਾਜ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਸਿਰਫ਼ ਤਿੰਨ ਘੰਟਿਆਂ ਦੇ ਅੰਦਰ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਇਨ੍ਹਾਂ ਧਮਾਕਿਆਂ ਦੀ ਜਾਂਚ ਲਈ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ ਹਨ ਅਤੇ NIA ਸਮੇਤ ਕਈ ਟੀਮਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ।
ਜਲੰਧਰ ਵਿੱਚ BSF ਪੰਜਾਬ ਫਰੰਟੀਅਰ ਹੈੱਡਕੁਆਰਟਰ ਦੇ ਬਾਹਰ ਖੜ੍ਹੀ ਇੱਕ ਐਕਟਿਵਾ ਸਕੂਟੀ ਵਿੱਚ ਜ਼ੋਰਦਾਰ ਧਮਾਕਾ ਹੋਇਆ। ਇਹ ਸਕੂਟੀ ਇੱਕ ਡਿਲੀਵਰੀ ਏਜੰਟ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਧਮਾਕੇ ਤੋਂ ਬਾਅਦ ਵਾਹਨ ਪੂਰੀ ਤਰ੍ਹਾਂ ਸੜ ਗਿਆ ਅਤੇ ਆਸ-ਪਾਸ ਦੇ ਇਲਾਕੇ ਵਿੱਚ ਅਫ਼ਰਾਤਫ਼ਰੀ ਮਚ ਗਈ।
ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਸੁਣੀ ਗਈ, ਹਾਲਾਂਕਿ ਕਿਸੇ ਵੱਡੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ। ਇੱਕ BSF ਅਧਿਕਾਰੀ ਨੂੰ ਹਲਕੀ ਸੱਟਾਂ ਆਈਆਂ ਹਨ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਘਟਨਾ ਜਾਂ ਤਾਂ ਗ੍ਰਨੇਡ ਨਾਲ ਜੁੜੀ ਹੋ ਸਕਦੀ ਹੈ ਜਾਂ ਸਕੂਟੀ ਵਿੱਚ ਰੱਖੇ ਕਿਸੇ ਵਿਸਫੋਟਕ ਪੈਕੇਜ ਕਾਰਨ ਹੋ ਸਕਦੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਇੱਕ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।
ਲਗਭਗ ਤਿੰਨ ਘੰਟੇ ਬਾਅਦ ਅੰਮ੍ਰਿਤਸਰ ਦੇ ਖਾਸਾ ਇਲਾਕੇ ਵਿੱਚ ਆਰਮੀ ਕੈਂਟੋਨਮੈਂਟ ਨੇੜੇ ਇੱਕ ਹੋਰ ਧਮਾਕਾ ਹੋਇਆ। ਇਸ ਘਟਨਾ ਵਿੱਚ ਵੀ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ, ਪਰ ਸੁਰੱਖਿਆ ਏਜੰਸੀਆਂ ਵਿੱਚ ਚਿੰਤਾ ਵਧ ਗਈ ਹੈ।
ਮੌਕੇ ‘ਤੇ ਬੰਬ ਡਿਸਪੋਜ਼ਲ ਸਕੁਆਡ ਅਤੇ ਫੋਰੈਂਸਿਕ ਟੀਮਾਂ ਪਹੁੰਚ ਕੇ ਜਾਂਚ ਕਰ ਰਹੀਆਂ ਹਨ। ਸ਼ੁਰੂਆਤੀ ਅਨੁਮਾਨਾਂ ਵਿੱਚ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਧਮਾਕਾ IED ਜਾਂ ਗ੍ਰਨੇਡ ਨਾਲ ਜੁੜਿਆ ਹੋ ਸਕਦਾ ਹੈ।
ਦੋਵੇਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਸ਼ਟਰੀ ਜਾਂਚ ਏਜੰਸੀ (NIA), ਪੰਜਾਬ ਪੁਲਿਸ ਅਤੇ ਹੋਰ ਖੁਫੀਆ ਏਜੰਸੀਆਂ ਮਿਲ ਕੇ ਜਾਂਚ ਕਰ ਰਹੀਆਂ ਹਨ। ਪੂਰੇ ਰਾਜ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਖ਼ਾਸ ਕਰਕੇ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਅਧਿਕਾਰੀਆਂ ਵੱਲੋਂ ਇਨ੍ਹਾਂ ਘਟਨਾਵਾਂ ਦੇ ਪਿੱਛੇ ਕਿਸੇ ਵੱਡੀ ਸਾਜ਼ਿਸ਼ ਜਾਂ ਅੱਤਵਾਦੀ ਕਨੈਕਸ਼ਨ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਰਿਹਾ, ਅਤੇ ਹਰ ਐਂਗਲ ਤੋਂ ਜਾਂਚ ਜਾਰੀ ਹੈ।
Get all latest content delivered to your email a few times a month.