ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਅਤੇ ਵੀ.ਵੀ.ਆਈ.ਪੀਜ਼ ਨੂੰ ਤੇਲ ਬਚਾਉਣ ਤੇ ਕਾਫ਼ਲੇ ਛੋਟੇ ਕਰਨ ਦੀ ਦਿੱਤੀ ਨਸੀਹਤ 'ਤੇ ਤਿੱਖਾ ਪਲਟਵਾਰ ਕੀਤਾ ਹੈ। ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, "ਖ਼ੁਦ ਪ੍ਰਧਾਨ ਮੰਤਰੀ ਮੋਦੀ ਤਾਂ ਲਗਾਤਾਰ ਵਿਦੇਸ਼ੀ ਦੌਰਿਆਂ 'ਤੇ ਘੁੰਮ ਰਹੇ ਹਨ ਅਤੇ ਬਾਕੀਆਂ ਨੂੰ ਸੰਜਮ ਵਰਤਣ ਦਾ ਹੋਕਾ ਦੇ ਰਹੇ ਹਨ।" ਉਨ੍ਹਾਂ ਤਨਜ਼ ਕਸਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਸੱਚਮੁੱਚ ਤੇਲ ਅਤੇ ਸਾਧਨ ਬਚਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਦੂਜਿਆਂ ਨੂੰ ਮੱਤਾਂ ਦੇਣ ਤੋਂ ਪਹਿਲਾਂ ਖ਼ੁਦ ‘ਘਰ ਤੋਂ ਕੰਮ’ (Work from Home) ਸ਼ੁਰੂ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਖ਼ਤਮ ਹੁੰਦਿਆਂ ਹੀ ਤੇਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਭਾਰੀ ਵਾਧੇ ਨੇ ਕੇਂਦਰ ਸਰਕਾਰ ਦਾ ਅਸਲ ਸੱਚ ਦੇਸ਼ ਦੇ ਸਾਹਮਣੇ ਲਿਆ ਦਿੱਤਾ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਹਾਜ਼ਰੀ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਲਈ ਪੰਜਾਬ ਦੇ 72 ਸਰਕਾਰੀ ਅਧਿਆਪਕਾਂ ਦੇ ਨਵੇਂ ਬੈਚ ਨੂੰ ਹਰੀ ਝੰਡੀ ਦਿਖਾ ਕੇ ਫਿਨਲੈਂਡ ਲਈ ਰਵਾਨਾ ਕੀਤਾ। ਇਹ ਅਧਿਆਪਕ 29 ਮਈ ਤੱਕ ਉੱਥੇ ਆਧੁਨਿਕ ਸਿੱਖਿਆ ਪ੍ਰਣਾਲੀ ਦੇ ਗੁਰ ਸਿੱਖਣਗੇ। ਮੁੱਖ ਮੰਤਰੀ ਨੇ ਮਾਣ ਨਾਲ ਕਿਹਾ ਕਿ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਸਿਖਲਾਈ ਦੇਣ ਦੇ ਸਾਰਥਕ ਨਤੀਜੇ ਹੁਣ ਜ਼ਮੀਨੀ ਪੱਧਰ 'ਤੇ ਦਿਖਣ ਲੱਗੇ ਹਨ। ਇਸੇ ਦੀ ਬਦੌਲਤ ਨੀਤੀ ਆਯੋਗ ਨੇ ਹਾਲ ਹੀ ਦੀ ਰਿਪੋਰਟ ਵਿੱਚ ਪੰਜਾਬ ਨੂੰ ਸਿੱਖਿਆ ਅਤੇ ਵਿਕਾਸ ਦੇ ਮਾਮਲੇ ਵਿੱਚ 'ਨੰਬਰ ਵਨ' ਸੂਬਾ ਐਲਾਨਿਆ ਹੈ।
ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਤਸੱਲੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਜਾਂ ਹਰਿਆਣਾ ਦੀ ਤਰ੍ਹਾਂ ਪੰਜਾਬ ਵਿੱਚ ਵੋਟਰਾਂ ਦੀ ਵੱਡੀ ਕਾਟ-ਛਾਂਟ ਜਾਂ ਹੇਰਾ-ਫੇਰੀ ਸੰਭਵ ਨਹੀਂ ਹੈ, ਕਿਉਂਕਿ ਪੰਜਾਬ ਦੇ ਲੋਕ ਆਪਸ ਵਿੱਚ ਬਹੁਤ ਨੇੜਿਓਂ ਜੁੜੇ ਹੋਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਇਸ ਸੁਧਾਈ ਪ੍ਰਕਿਰਿਆ ਦੌਰਾਨ ਪੂਰੀ ਤਰ੍ਹਾਂ ਤਾਇਨਾਤ ਰਹਿਣਗੇ ਤਾਂ ਜੋ ਕੰਮ ਪੂਰੀ ਇਮਾਨਦਾਰੀ ਨਾਲ ਹੋ ਸਕੇ।
ਆਗਾਮੀ ਨਗਰ ਨਿਗਮ ਅਤੇ ਕੌਂਸਲ ਚੋਣਾਂ ਬਾਰੇ ਦਾਅਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੀ ਤਰ੍ਹਾਂ ਸ਼ਹਿਰੀ ਲੋਕ ਵੀ 'ਆਪ' ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ 'ਤੇ ਮੋਹਰ ਲਗਾ ਕੇ ਪਾਰਟੀ ਨੂੰ ਵੱਡਾ ਬਹੁਮਤ ਦੇਣਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰਾਂ ਨੂੰ ਪ੍ਰਸ਼ਾਸਨ ਵੱਲੋਂ ਐਨ.ਓ.ਸੀ. (NOC) ਨਾ ਦਿੱਤੇ ਜਾਣ ਦੇ ਦੋਸ਼ਾਂ 'ਤੇ ਚੋਟ ਕਰਦਿਆਂ ਭਗਵੰਤ ਮਾਨ ਨੇ ਕਿਹਾ, "ਅਕਾਲੀ ਦਲ ਨੂੰ ਪ੍ਰਸ਼ਾਸਨ ਦੀ ਕੀ ਲੋੜ ਹੈ, ਉਨ੍ਹਾਂ ਨੂੰ ਤਾਂ ਪੰਜਾਬ ਦੇ ਲੋਕ ਹੀ ਹੁਣ ਸਿਆਸੀ ਤੌਰ 'ਤੇ ਐਨ.ਓ.ਸੀ. ਦੇਣ ਨੂੰ ਤਿਆਰ ਨਹੀਂ ਹਨ।"
ਹਰਿਆਣਾ ਨੂੰ ਪਾਣੀ ਦਿੱਤੇ ਜਾਣ ਦੇ ਨਾਜ਼ੁਕ ਮੁੱਦੇ 'ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਸਾਫ਼ ਕੀਤਾ ਕਿ ਨਿਰਧਾਰਿਤ ਨਿਯਮਾਂ ਅਤੇ ਸਮੇਂ ਅਨੁਸਾਰ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਬਣਦਾ ਪਾਣੀ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਪੁਸ਼ਟੀ ਕੀਤੀ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਬੇਅਦਬੀ ਮਾਮਲਿਆਂ ਖ਼ਿਲਾਫ਼ ਬਣਾਏ ਗਏ ਸਖ਼ਤ ਕਾਨੂੰਨਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਅਧਿਕਾਰਿਕ ਤੌਰ 'ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਜਿਸ ਨਾਲ ਮਾਲਵਾ ਖੇਤਰ ਵਿੱਚ ਵਿਰੋਧੀ ਧਿਰਾਂ ਨੂੰ ਵੱਡਾ ਝਟਕਾ ਲੱਗਣਾ ਤੈਅ ਹੈ।
Get all latest content delivered to your email a few times a month.