ਤਾਜਾ ਖਬਰਾਂ
ਅੰਮ੍ਰਿਤਸਰ ਦੇ ਮਜੀਠਾ ਕਸਬੇ ਅਧੀਨ ਪੈਂਦੇ ਪਿੰਡ ਹਮਜ਼ਾ ਨੇੜੇ ਐਤਵਾਰ ਸਵੇਰੇ ਸਹਾਇਕ ਸਬ-ਇੰਸਪੈਕਟਰ (ASI) ਜੋਗਾ ਸਿੰਘ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਵਾਰਦਾਤ ਤੋਂ ਬਾਅਦ ਇੱਕ ਕਥਿਤ ਅੱਤਵਾਦੀ ਸੰਗਠਨ 'ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ' ਵੱਲੋਂ ਸੋਸ਼ਲ ਮੀਡੀਆ 'ਤੇ ਇੱਕ 27 ਸੈਕਿੰਡ ਦੀ ਵੀਡੀਓ ਜਾਰੀ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਜਾਂਚ ਦੌਰਾਨ ਮੌਕੇ ਤੋਂ ਮਿਲੇ ਗੋਲੀਆਂ ਦੇ ਖੋਲ ਪਾਕਿਸਤਾਨੀ ਮਾਰਕਾ ਹੋਣ ਕਾਰਨ ਹੁਣ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਹੋ ਗਏ ਹਨ ਅਤੇ ਮਾਮਲੇ ਦੇ ਤਾਰ ਸਰਹੱਦ ਪਾਰਲੇ ਨੈੱਟਵਰਕ ਨਾਲ ਜੁੜਦੇ ਦਿਖਾਈ ਦੇ ਰਹੇ ਹਨ।
ਵਾਇਰਲ ਹੋਈ 27 ਸੈਕਿੰਡ ਦੀ ਵੀਡੀਓ ਦੀ ਸ਼ੁਰੂਆਤ "ਅੱਲ੍ਹਾਹੂ ਅਕਬਰ" ਦੇ ਨਾਅਰਿਆਂ ਅਤੇ ਪੰਜਾਬੀ ਤੇ ਉਰਦੂ ਭਾਸ਼ਾ ਵਿੱਚ ਲਿਖੇ ਸੰਗਠਨ ਦੇ ਨਾਮ ਨਾਲ ਹੁੰਦੀ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ASI ਜੋਗਾ ਸਿੰਘ ਆਪਣੀ ਬਲੈਕ ਐਕਟਿਵਾ 'ਤੇ ਜਾ ਰਹੇ ਸਨ, ਜਦੋਂ 12ਵੇਂ ਸਕਿੰਟ 'ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ 'ਤੇ ਪਹਿਲੀ ਗੋਲੀ ਚਲਾਈ। ਗੋਲੀ ਲੱਗਣ ਕਾਰਨ ਉਹ ਸੜਕ ਕਿਨਾਰੇ ਡਿੱਗ ਪਏ। ਇਸ ਤੋਂ ਬਾਅਦ ਹਮਲਾਵਰਾਂ ਨੇ ਬਾਈਕ ਰੋਕੀ ਅਤੇ ਬੇਰਹਿਮੀ ਦੀਆਂ ਹੱਦਾਂ ਪਾਰ ਕਰਦਿਆਂ ਨਜ਼ਦੀਕ ਜਾ ਕੇ ਦੂਜੀ ਗੋਲੀ ਮਾਰੀ, ਜਿਸ ਨਾਲ ASI ਦੀ ਮੌਕੇ 'ਤੇ ਹੀ ਮੌਤ ਹੋ ਗਈ। ਵੀਡੀਓ ਦੇ ਅੰਤ ਵਿੱਚ ਇੱਕ ਚੇਤਾਵਨੀ ਲਿਖੀ ਹੈ, "ਆਰਐਸਐਸ, ਰੁਕੋ! ਇਹ ਕੁਝ ਵੀ ਨਹੀਂ ਸੀ। ਅੱਗੇ ਇੱਕ ਤੂਫਾਨ ਹੈ।"
ਪੋਸਟਮਾਰਟਮ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ, ਬੁੱਧਵਾਰ ਨੂੰ ASI ਜੋਗਾ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਘਨਿੰਣ ਦੇ ਬਾਂਗਰ ਵਿਖੇ ਲਿਆਂਦੀ ਗਈ। ਉੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਪੁਲਿਸ ਟੁਕੜੀ ਨੇ ਆਪਣੇ ਹਥਿਆਰ ਉਲਟੇ ਕਰਕੇ ਸ਼ਹੀਦ ਪੁਲਿਸ ਮੁਲਾਜ਼ਮ ਨੂੰ ਅੰਤਿਮ ਸਲਾਮੀ ਦਿੱਤੀ। ਇਸ ਮੌਕੇ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਦੀਆਂ ਅੱਖਾਂ ਨਮ ਸਨ।
ਘਟਨਾ ਦੇ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਹਮਲਾਵਰਾਂ ਦਾ ਕੋਈ ਠੋਸ ਸੁਰਾਗ ਲਗਾਉਣ ਵਿੱਚ ਨਾਕਾਮ ਰਹੀ ਹੈ। ਹਾਲਾਂਕਿ, ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ ਅਤੇ ਫਤਿਹਗੜ੍ਹ ਚੂੜੀਆਂ ਸਮੇਤ ਕਈ ਆਸ-ਪਾਸ ਦੇ ਇਲਾਕਿਆਂ ਵਿੱਚ ਪੁਲਿਸ ਵੱਲੋਂ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ, ਵਾਇਰਲ ਵੀਡੀਓ ਅਤੇ ਸੋਸ਼ਲ ਮੀਡੀਆ ਪੋਸਟ ਦੀ ਸੱਚਾਈ ਦੀ ਜਾਂਚ ਲਈ ਸਾਈਬਰ ਸੁਰੱਖਿਆ ਟੀਮਾਂ ਨੂੰ ਕੰਮ 'ਤੇ ਲਗਾਇਆ ਗਿਆ ਹੈ। ਫਿਲਹਾਲ ਅਧਿਕਾਰਤ ਤੌਰ 'ਤੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਪਾਕਿਸਤਾਨੀ ਗੋਲੀਆਂ ਦੇ ਸੁਰਾਗ ਮਿਲਣ ਤੋਂ ਬਾਅਦ ਦੇਸ਼ ਵਿਰੋਧੀ ਤਾਕਤਾਂ ਦੇ ਐਂਗਲ ਸਮੇਤ ਹਰ ਪਹਿਲੂ ਤੋਂ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।
Get all latest content delivered to your email a few times a month.