ਤਾਜਾ ਖਬਰਾਂ
ਫਿਰੋਜ਼ਪੁਰ ਦੀ 16 ਸਾਲਾ ਵਿਦਿਆਰਥਣ ਹੇਜ਼ਲ ਨੇ ਕੈਨੇਡਾ ਦੇ ਵੈਨਕੂਵਰ ਵਿੱਚ ਹੋਈ International Human Rights Conference 2026 ਦੌਰਾਨ ਪੰਜਾਬ ਦੇ ਸਰਹੱਦੀ ਕਿਸਾਨਾਂ ਦੀਆਂ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਨੂੰ ਵਿਸ਼ਵ ਪੱਧਰ ‘ਤੇ ਉਠਾ ਕੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ। DCM International School ਦੀ 12ਵੀਂ ਜਮਾਤ ਦੀ ਇਸ ਹੋਣਹਾਰ ਵਿਦਿਆਰਥਣ ਨੂੰ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਖ਼ਾਸ ਸੱਦਾ ਅਤੇ ਸਕਾਲਰਸ਼ਿਪ ਮਿਲੀ ਸੀ, ਜਿੱਥੇ 40 ਤੋਂ ਵੱਧ ਦੇਸ਼ਾਂ ਦੇ ਡੈਲੀਗੇਟ ਅਤੇ ਸੈਂਕੜੇ ਪ੍ਰਮੁੱਖ ਭਾਗੀਦਾਰ ਮੌਜੂਦ ਸਨ।
ਹੇਜ਼ਲ ਨੇ ਆਪਣੇ ਭਾਸ਼ਣ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਰਹਿੰਦੇ ਕਿਸਾਨ ਪਰਿਵਾਰਾਂ ਦੀ ਪੀੜਾ ਅਤੇ ਸੰਘਰਸ਼ ਨੂੰ ਬੜੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਉਸਨੇ ਦੱਸਿਆ ਕਿ 1947 ਦੀ ਵੰਡ ਤੋਂ ਬਾਅਦ ਇਹ ਪਰਿਵਾਰ ਬੰਜਰ ਜ਼ਮੀਨਾਂ ‘ਤੇ ਆ ਬਸੇ ਸਨ ਅਤੇ ਸਖ਼ਤ ਮਿਹਨਤ ਕਰਕੇ ਉਨ੍ਹਾਂ ਨੂੰ ਉਪਜਾਊ ਖੇਤਾਂ ਵਿੱਚ ਬਦਲ ਦਿੱਤਾ। ਇਸ ਦੇ ਬਾਵਜੂਦ ਕਈ ਪਰਿਵਾਰ ਅਜੇ ਤੱਕ ਆਪਣੀ ਜ਼ਮੀਨ ਦੇ ਪੂਰੇ ਕਾਨੂੰਨੀ ਹੱਕਾਂ ਤੋਂ ਵਾਂਝੇ ਹਨ।
ਉਸਨੇ ਸਰਹੱਦੀ ਕਿਸਾਨਾਂ ਦੇ ਮੁੱਦੇ ਨੂੰ ਸਿਰਫ਼ ਜ਼ਮੀਨੀ ਵਿਵਾਦ ਨਹੀਂ, ਸਗੋਂ ਇੱਕ ਵੱਡਾ ਮਨੁੱਖੀ ਅਧਿਕਾਰਾਂ ਦਾ ਮਾਮਲਾ ਕਰਾਰ ਦਿੱਤਾ। ਹੇਜ਼ਲ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਲੰਬੇ ਸਮੇਂ ਤੋਂ ਅਣਡਿੱਠਾ ਕੀਤਾ ਜਾਂਦਾ ਰਿਹਾ ਹੈ। ਉਸਨੇ ਹਰੀ ਕ੍ਰਾਂਤੀ ਦੇ ਸਮੇਂ ਕੀਤੇ ਗਏ ਵਾਅਦਿਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਅਹਿਮ ਯੋਗਦਾਨ ਦੇਣ ਦੇ ਬਾਵਜੂਦ ਅਜੇ ਵੀ ਹਜ਼ਾਰਾਂ ਪਰਿਵਾਰ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ।
ਹੇਜ਼ਲ ਨੇ 2009 ਵਿੱਚ ਸਰਕਾਰ ਵੱਲੋਂ ਸਰਹੱਦੀ ਕਿਸਾਨਾਂ ਦੇ ਜ਼ਮੀਨੀ ਹੱਕ ਨਿਯਮਤ ਕਰਨ ਲਈ ਕੀਤੇ ਗਏ ਯਤਨਾਂ ਦਾ ਵੀ ਹਵਾਲਾ ਦਿੱਤਾ। ਉਸਨੇ ਕਿਹਾ ਕਿ 10,400 ਏਕੜ ਵਿੱਚੋਂ ਕਰੀਬ 1,500 ਏਕੜ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ, ਜਿਸ ਨਾਲ ਪ੍ਰਭਾਵਿਤ ਪਰਿਵਾਰਾਂ ਵਿੱਚ ਨਵੀਂ ਉਮੀਦ ਜਾਗੀ ਸੀ।
ਹੇਜ਼ਲ ਦੀ ਭਾਵੁਕ ਅਤੇ ਤੱਥਾਂ ਭਰੀ ਪੇਸ਼ਕਾਰੀ ਨੇ ਕਾਨਫਰੰਸ ਵਿੱਚ ਮੌਜੂਦ ਡੈਲੀਗੇਟਾਂ ਨੂੰ ਪ੍ਰਭਾਵਿਤ ਕੀਤਾ, ਜਿਸ ਲਈ ਉਸਨੂੰ “Youngest Delegate Award 2026” ਨਾਲ ਸਨਮਾਨਿਤ ਕੀਤਾ ਗਿਆ। ਉਸਨੇ ਕਿਹਾ ਕਿ ਇਹ ਸਿਰਫ਼ ਇੱਕ ਐਵਾਰਡ ਨਹੀਂ, ਸਗੋਂ ਆਪਣੇ ਲੋਕਾਂ ਦੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਵੱਡੀ ਜ਼ਿੰਮੇਵਾਰੀ ਸੀ।
Get all latest content delivered to your email a few times a month.