ਤਾਜਾ ਖਬਰਾਂ
ਅਮਰੀਕੀ ਹਵਾਈ ਸੈਨਾ (US Air Force) ਦੇ ਸਭ ਤੋਂ ਭਰੋਸੇਮੰਦ ਅਤੇ ਰਣਨੀਤਕ ਤੌਰ 'ਤੇ ਅਹਿਮ ਮੰਨੇ ਜਾਣ ਵਾਲੇ ਬੀ-52 ਸਟ੍ਰੈਟੋਫੋਰਟਰਸ (B-52 Stratofortress) ਬੰਬਾਰ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸੋਮਵਾਰ ਨੂੰ ਕੈਲੀਫੋਰਨੀਆ ਸਥਿਤ ਐਡਵਰਡਸ ਏਅਰ ਫੋਰਸ ਬੇਸ 'ਤੇ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਇਹ ਜਹਾਜ਼ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਅਮਰੀਕੀ ਹਵਾਈ ਸੈਨਾ ਵੱਲੋਂ ਦਿੱਤੀ ਅਧਿਕਾਰਤ ਜਾਣਕਾਰੀ ਮੁਤਾਬਕ ਇਸ ਦੁਖਦਾਈ ਘਟਨਾ ਵਿੱਚ ਜਹਾਜ਼ ਸਵਾਰ ਸਾਰੇ 8 ਲੋਕਾਂ ਦੀ ਮੌਤ ਹੋ ਗਈ ਹੈ। ਹਵਾਈ ਸੈਨਾ ਨੇ ਇਸ ਨੂੰ ਇੱਕ 'ਅਸਹਿ ਅਤੇ ਵੱਡਾ ਨੁਕਸਾਨ' ਦੱਸਿਆ ਹੈ।
ਏਅਰ ਬੇਸ ਦੇ ਅਧਿਕਾਰੀਆਂ ਮੁਤਾਬਕ ਇਹ ਜਹਾਜ਼ ਇੱਕ ਨਿਯਮਤ ਟੈਸਟ ਮਿਸ਼ਨ ਦੇ ਤਹਿਤ ਸਥਾਨਕ ਸਮੇਂ ਅਨੁਸਾਰ ਸਵੇਰੇ 11:20 ਵਜੇ ਰਵਾਨਾ ਹੋਇਆ ਸੀ, ਪਰ ਰਨਵੇਅ ਛੱਡਣ ਦੇ ਕੁਝ ਮਿੰਟਾਂ ਬਾਅਦ ਹੀ ਇਹ ਜ਼ਮੀਨ 'ਤੇ ਆ ਡਿੱਗਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਜਹਾਜ਼ ਦੇ ਪਰਖੱਚੇ ਉੱਡ ਗਏ ਅਤੇ ਆਸਮਾਨ ਵਿੱਚ ਕਾਲੇ ਧੂੰਏਂ ਦਾ ਇੱਕ ਵਿਸ਼ਾਲ ਗੁਬਾਰ ਦੇਖਿਆ ਗਿਆ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਟਕਰਾਅ ਇੰਨਾ ਭਿਆਨਕ ਸੀ ਕਿ ਅੰਦਰ ਸਵਾਰ ਕਿਸੇ ਵੀ ਵਿਅਕਤੀ ਦੇ ਬਚਣ ਦੀ ਕੋਈ ਗੁੰਜਾਇਸ਼ ਨਹੀਂ ਰਹੀ।
ਹਵਾਈ ਸੈਨਾ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਅੱਠ ਲੋਕਾਂ ਵਿੱਚ ਉੱਚ ਪੱਧਰੀ ਫ਼ੌਜੀ ਅਧਿਕਾਰੀ, ਰੱਖਿਆ ਵਿਭਾਗ ਦੇ ਸਰਕਾਰੀ ਕਰਮਚਾਰੀ ਅਤੇ ਪ੍ਰੋਜੈਕਟ ਨਾਲ ਜੁੜੇ ਪ੍ਰਾਈਵੇਟ ਸਰਕਾਰੀ ਠੇਕੇਦਾਰ (Contractors) ਸ਼ਾਮਲ ਸਨ। ਪ੍ਰਸ਼ਾਸਨ ਵੱਲੋਂ ਨਿਯਮਾਂ ਮੁਤਾਬਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਨਾਮ ਜਲਦ ਹੀ ਜਨਤਕ ਕੀਤੇ ਜਾਣਗੇ।
ਮੁੱਢਲੀ ਰਿਪੋਰਟ ਅਨੁਸਾਰ ਇਹ ਬੀ-52 ਬੰਬਾਰ ਜਹਾਜ਼ ਹਵਾਈ ਸੈਨਾ ਦੇ ਅਤਿ-ਆਧੁਨਿਕ 'ਰਾਡਾਰ ਆਧੁਨਿਕੀਕਰਨ ਪ੍ਰੋਗਰਾਮ' (Radar Modernization Program) ਦੀ ਜਾਂਚ ਪ੍ਰਕਿਰਿਆ ਵਿੱਚ ਹਿੱਸਾ ਲੈ ਰਿਹਾ ਸੀ। ਇਸ ਪ੍ਰੋਜੈਕਟ ਤਹਿਤ ਜਹਾਜ਼ ਦੀ ਜੰਗੀ ਸਮਰੱਥਾ ਨੂੰ ਹੋਰ ਅਪਗ੍ਰੇਡ ਕੀਤਾ ਜਾ ਰਿਹਾ ਸੀ। ਹਾਦਸੇ ਦੇ ਅਸਲ ਤਕਨੀਕੀ ਕਾਰਨਾਂ ਦਾ ਪਤਾ ਲਗਾਉਣ ਲਈ ਹਵਾਈ ਸੈਨਾ ਵੱਲੋਂ ਇੱਕ ਉੱਚ ਪੱਧਰੀ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ।
ਇਸ ਹਾਦਸੇ ਨੇ ਰੱਖਿਆ ਮਾਹਰਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ ਕਿਉਂਕਿ ਬੀ-52 ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਕਾਰੀ ਅਤੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲਾ ਮਾਰੂ ਜਹਾਜ਼ ਹੈ। ਸਾਲ 1955 ਤੋਂ ਲਗਾਤਾਰ ਅਮਰੀਕੀ ਹਵਾਈ ਫ਼ੌਜ ਦੀ ਰੀੜ੍ਹ ਦੀ ਹੱਡੀ ਰਿਹਾ ਇਹ ਵਿਸ਼ਾਲ ਬੰਬਾਰ ਜਹਾਜ਼ ਪਰਮਾਣੂ ਹਥਿਆਰ ਲਿਜਾਣ ਵਿੱਚ ਵੀ ਸਮਰੱਥ ਹੈ। ਕਈ ਵੱਡੀਆਂ ਕੌਮਾਂਤਰੀ ਜੰਗਾਂ ਤੋਂ ਇਲਾਵਾ ਹਾਲ ਹੀ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਵਧੇ ਫ਼ੌਜੀ ਤਣਾਅ ਦੌਰਾਨ ਵੀ ਇਸ ਜਹਾਜ਼ ਨੂੰ ਮੋਹਰੀ ਕਤਾਰ ਵਿੱਚ ਤਾਇਨਾਤ ਕੀਤਾ ਗਿਆ ਸੀ।
Get all latest content delivered to your email a few times a month.