ਤਾਜਾ ਖਬਰਾਂ
ਸਰਹੱਦੀ ਜ਼ਿਲ੍ਹੇ ਪਠਾਨਕੋਟ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੀਆਂ ਸਿਆਸੀ ਗਤੀਵਿਧੀਆਂ ਵਿੱਚ ਉਸ ਵੇਲੇ ਤੇਜ਼ੀ ਦੇਖਣ ਨੂੰ ਮਿਲੀ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਇੱਕ ਰੋਜ਼ਾ ਦੌਰੇ 'ਤੇ ਇੱਥੋਂ ਦੇ ਹਲਕਾ ਸੁਜਾਨਪੁਰ ਵਿਖੇ ਪਹੁੰਚੇ। ਹਾਲਾਂਕਿ ਜਥੇਬੰਦਕ ਤੌਰ 'ਤੇ ਭਾਜਪਾ ਵੱਲੋਂ ਇਸ ਫੇਰੀ ਨੂੰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਹਾੜੇ ਨਾਲ ਸਬੰਧਿਤ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ, ਪਰ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਸ ਦੌਰੇ ਦੇ ਪਿੱਛੇ ਸੂਬੇ ਦੀ ਮੌਜੂਦਾ ਸਿਆਸਤ ਨੂੰ ਲੈ ਕੇ ਕਈ ਅਹਿਮ ਰਣਨੀਤੀਆਂ ਘੜੀਆਂ ਜਾ ਰਹੀਆਂ ਹਨ।
ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਵੇਰੇ ਤੜਕਸਾਰ ਕਰੀਬ 9:40 ਵਜੇ ਚੰਡੀਗੜ੍ਹ ਤੋਂ ਹੈਲੀਕਾਪਟਰ ਰਾਹੀਂ ਰਵਾਨਾ ਹੋਏ ਅਤੇ ਠੀਕ ਇੱਕ ਘੰਟੇ ਬਾਅਦ 10:40 ਵਜੇ ਪਠਾਨਕੋਟ ਦੇ ਮਾਧੋਪੁਰ ਸਥਿਤ ਬੀ.ਐਸ.ਐਫ. ਕੈਂਪਸ ਦੇ ਹੈਲੀਪੈਡ 'ਤੇ ਉੱਤਰੇ। ਉੱਥੋਂ ਉਹ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਨਾਲ ਸਿੱਧਾ ਮਾਧੋਪੁਰ ਦੇ ਇਤਿਹਾਸਕ 'ਏਕਤਾ ਸਥਲ' ਵਿਖੇ ਗਏ, ਜਿੱਥੇ ਦੋਵਾਂ ਸੀਨੀਅਰ ਆਗੂਆਂ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਪ੍ਰਤਿਮਾ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਦੇਸ਼ ਪ੍ਰਤੀ ਯੋਗਦਾਨ ਨੂੰ ਯਾਦ ਕੀਤਾ।
ਮਾਧੋਪੁਰ ਵਿਖੇ ਸ਼ਰਧਾਂਜਲੀ ਦੇਣ ਤੋਂ ਬਾਅਦ ਦੋਵੇਂ ਆਗੂ ਸੁਜਾਨਪੁਰ ਦੇ ਆਰ.ਐਸ. ਗਾਰਡਨ ਵਿਖੇ ਕਰਵਾਏ ਗਏ ਇੱਕ ਵਿਸ਼ਾਲ ਜਨਤਕ ਇਕੱਠ ਵਿੱਚ ਸ਼ਾਮਲ ਹੋਏ, ਜਿੱਥੇ ਉਨ੍ਹਾਂ ਨੇ ਪਾਰਟੀ ਵਰਕਰਾਂ ਅਤੇ ਸਥਾਨਕ ਲੋਕਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਦੀਆਂ ਨੀਤੀਆਂ ਦਾ ਪ੍ਰਚਾਰ ਕੀਤਾ। ਇਸ ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਨੇ ਪਠਾਨਕੋਟ ਦੇ ਐਮਰਾਲਡ ਡਾਊਨਟਾਊਨ ਵਿਖੇ ਦੁਪਹਿਰ ਦਾ ਖਾਣਾ ਖਾਧਾ। ਤੈਅ ਪ੍ਰੋਗਰਾਮ ਮੁਤਾਬਕ ਦੁਪਹਿਰ 1:15 ਵਜੇ ਇਹ ਕਾਫ਼ਲਾ ਬੀ.ਐਸ.ਐਫ. ਹੈਲੀਪੈਡ ਤੋਂ ਜਲੰਧਰ ਲਈ ਰਵਾਨਾ ਹੋ ਗਿਆ, ਜਿੱਥੇ ਪੀ.ਏ.ਪੀ. ਗਰਾਊਂਡ ਵਿਖੇ ਉਤਰਨ ਤੋਂ ਬਾਅਦ ਲਾਲਾ ਚੰਚਲ ਦਾਸ ਆਡੀਟੋਰੀਅਮ ਵਿੱਚ ਦੁਪਹਿਰ 2:00 ਵਜੇ ਇੱਕ ਹੋਰ ਵੱਡੀ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ ਜਾਵੇਗਾ। ਇਸ ਦੌਰੇ ਦੀ ਸਮਾਪਤੀ ਤੋਂ ਬਾਅਦ ਸ਼ਾਮ 4:15 ਵਜੇ ਮੁੱਖ ਮੰਤਰੀ ਸੈਣੀ ਵਾਪਸ ਚੰਡੀਗੜ੍ਹ ਦੇ ਰਾਜੇਂਦਰ ਪਾਰਕ ਹੈਲੀਪੈਡ ਵਿਖੇ ਉਤਰਨਗੇ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੋਲ ਜ਼ੈੱਡ ਪਲੱਸ (Z+) ਸ਼੍ਰੇਣੀ ਦੀ ਸੁਰੱਖਿਆ ਹੋਣ ਕਾਰਨ ਪੰਜਾਬ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸੁਰੱਖਿਆ ਦੇ ਬੇਹੱਦ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਪਠਾਨਕੋਟ ਤੋਂ ਲੈ ਕੇ ਜਲੰਧਰ ਤੱਕ ਦੇ ਪੂਰੇ ਰੂਟ ਉੱਤੇ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਟਰੈਫਿਕ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਵਿਸ਼ੇਸ਼ ਪਾਇਲਟ ਅਤੇ ਐਸਕਾਰਟ ਗੱਡੀਆਂ ਮੁੱਖ ਮੰਤਰੀ ਦੇ ਕਾਫ਼ਲੇ ਦੀ ਅਗਵਾਈ ਕਰ ਰਹੀਆਂ ਸਨ। ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੇ ਦੌਰੇ ਦੌਰਾਨ ਹਰ ਤਰ੍ਹਾਂ ਦੇ ਆਧੁਨਿਕ ਡਾਕਟਰੀ ਉਪਕਰਨਾਂ ਨਾਲ ਲੈਸ ਇੱਕ ਵਿਸ਼ੇਸ਼ ਐਂਬੂਲੈਂਸ ਵੀ ਕਾਫ਼ਲੇ ਦੇ ਨਾਲ-ਨਾਲ ਚੱਲਦੀ ਰਹੀ।
Get all latest content delivered to your email a few times a month.