IMG-LOGO
ਹੋਮ ਪੰਜਾਬ, ਰਾਸ਼ਟਰੀ, ਫ਼ਿਲੌਰ ਪੁਲਿਸ ਨੇ ਹਥਿਆਰ ਤਸਕਰੀ ਗਿਰੋਹ ਦਾ ਕੀਤਾ ਪਰਦਾਫ਼ਾਸ਼, 6...

ਫ਼ਿਲੌਰ ਪੁਲਿਸ ਨੇ ਹਥਿਆਰ ਤਸਕਰੀ ਗਿਰੋਹ ਦਾ ਕੀਤਾ ਪਰਦਾਫ਼ਾਸ਼, 6 ਮੁਲਜ਼ਮ ਕਾਬੂ; ਪਿਸਤੌਲ, ਕਾਰਤੂਸ ਤੇ ਨੈੱਟਵਰਕ ਦੀ ਜਾਂਚ ਤੇਜ਼

Admin User - Jul 22, 2026 09:09 PM
IMG

ਜਲੰਧਰ ਦਿਹਾਤੀ ਪੁਲਿਸ ਨੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਸਰਗਰਮ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਥਾਣਾ ਫ਼ਿਲੌਰ ਦੀ ਪੁਲਿਸ ਟੀਮ ਨੇ ਸਤਲੁਜ ਪੁਲ 'ਤੇ ਲਗਾਏ ਗਏ ਹਾਈ-ਟੈਕ ਨਾਕੇ ਦੌਰਾਨ ਚੈਕਿੰਗ ਕਰਦੇ ਹੋਏ ਇੱਕ ਸਵਿਫ਼ਟ ਕਾਰ (PB-02-ER-2316) ਨੂੰ ਰੋਕਿਆ, ਜਿਸ ਵਿੱਚ ਸਵਾਰ 6 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਪਿਸਤੌਲ, ਇੱਕ ਮੈਗਜ਼ੀਨ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਇਹ ਕਾਰਵਾਈ ਐਸਐਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਪੁਲਿਸ ਕਪਤਾਨ ਵਿਨੀਤ ਆਹਲਾਵਤ ਅਤੇ ਡੀਐਸਪੀ ਭਾਰਤ ਮਸੀਹ ਲਧੜ ਦੀ ਨਿਗਰਾਨੀ ਵਿੱਚ ਥਾਣਾ ਫ਼ਿਲੌਰ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਅਮਲ ਵਿੱਚ ਲਿਆਂਦੀ ਗਈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਹਿਕਪ੍ਰੀਤ ਸਿੰਘ ਉਰਫ਼ ਰੋਹਿਤ, ਕਰਨਦੀਪ ਸਿੰਘ ਉਰਫ਼ ਕਰਨ, ਰੌਬਿਨਪ੍ਰੀਤ ਸਿੰਘ, ਰਾਜੇਸ਼ਵਰ ਸਿੰਘ, ਮਨਜੀਤ ਸਿੰਘ ਅਤੇ ਨਿਖਿਲ ਵਜੋਂ ਹੋਈ ਹੈ। ਇਹ ਸਾਰੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਹਨ।

ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਗ਼ੈਰ-ਕਾਨੂੰਨੀ ਹਥਿਆਰ ਘੱਟ ਕੀਮਤ 'ਤੇ ਖਰੀਦ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਪਰਾਧੀ ਅਨਸਰਾਂ ਨੂੰ ਮਹਿੰਗੇ ਭਾਅ 'ਤੇ ਵੇਚਦਾ ਸੀ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਬਰਾਮਦ ਕੀਤਾ ਗਿਆ ਹਥਿਆਰ ਫ਼ਿਲੌਰ ਇਲਾਕੇ ਵਿੱਚ ਕਿਸੇ ਹੋਰ ਵਿਅਕਤੀ ਜਾਂ ਗਿਰੋਹ ਨੂੰ ਸਪਲਾਈ ਕੀਤਾ ਜਾਣਾ ਸੀ, ਪਰ ਪੁਲਿਸ ਦੀ ਸਮੇਂ ਸਿਰ ਕੀਤੀ ਕਾਰਵਾਈ ਕਾਰਨ ਇਹ ਯੋਜਨਾ ਨਾਕਾਮ ਹੋ ਗਈ।

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਹੁਣ ਰਿਮਾਂਡ ਦੌਰਾਨ ਮੁੱਖ ਹਥਿਆਰ ਸਪਲਾਇਰਾਂ, ਖਰੀਦਦਾਰਾਂ ਅਤੇ ਪੂਰੇ ਤਸਕਰੀ ਨੈੱਟਵਰਕ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਹੋਰ ਵੀ ਅਹਿਮ ਖੁਲਾਸੇ ਅਤੇ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.