ਤਾਜਾ ਖਬਰਾਂ
ਮੁੰਬਈ: '7 ਅਵਰਜ਼ ਟੂ ਗੋ' ਅਤੇ 'ਘੋਸਟ' ਵਰਗੀਆਂ ਬਾਲੀਵੁੱਡ ਫ਼ਿਲਮਾਂ 'ਚ ਆਪਣੀ ਅਦਾਕਾਰੀ ਲਈ ਜਾਣੀ ਜਾਂਦੀ ਅਦਾਕਾਰਾ ਅਨੰਨਿਆ ਰਾਜ ਦਾ 35 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਅਦਾਕਾਰਾ ਦੇ ਪਰਿਵਾਰ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਦੁਖਦਾਈ ਖ਼ਬਰ ਸਾਂਝੀ ਕਰਦਿਆਂ ਦੱਸਿਆ ਕਿ ਅਨੰਨਿਆ ਦਾ ਦਿਹਾਂਤ 15 ਜੁਲਾਈ ਨੂੰ ਹੀ ਹੋ ਗਿਆ ਸੀ, ਪਰ ਪਰਿਵਾਰ ਨੇ ਇੱਕ ਮਹੀਨੇ ਬਾਅਦ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਅਨੰਨਿਆ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਪਰਿਵਾਰ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ 15 ਜੁਲਾਈ ਦੀ ਸਵੇਰ ਨੂੰ ਅਨੰਨਿਆ ਆਪਣੀ ਨੀਂਦ ਵਿੱਚ ਹੀ ਸ਼ਾਂਤੀ ਨਾਲ ਅਕਾਲ ਚਲਾਣਾ ਕਰ ਗਈ। ਉਹ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਸਰੀਰਕ ਅਤੇ ਮਾਨਸਿਕ ਪੀੜਾ ਨਾਲ ਜੂਝ ਰਹੀ ਸੀ, ਜਿਸ ਦਾ ਉਸ ਨੇ ਬਹਾਦਰੀ ਨਾਲ ਸਾਹਮਣਾ ਕੀਤਾ। ਪਰਿਵਾਰ ਨੇ ਪ੍ਰਸ਼ੰਸਕਾਂ ਨੂੰ ਉਸ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਅਤੇ ਇਸ ਦੁੱਖ ਦੀ ਘੜੀ 'ਚ ਨਿੱਜਤਾ (Privacy) ਬਣਾਏ ਰੱਖਣ ਦੀ ਬੇਨਤੀ ਕੀਤੀ ਹੈ।
ਮੁੰਬਈ 'ਚ ਜੰਮੀ ਅਤੇ ਪਲੀ ਅਨੰਨਿਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੋਡਲਿੰਗ ਅਤੇ ਸੰਗੀਤ ਵੀਡੀਓਜ਼ ਤੋਂ ਕੀਤੀ ਸੀ। ਉਸ ਨੇ 2016 'ਚ ਫ਼ਿਲਮ '7 ਅਵਰਜ਼ ਟੂ ਗੋ' (7 Hours to Go) ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਇਸ ਤੋਂ ਬਾਅਦ ਉਹ 2017 'ਚ 'ਦਿ ਫਾਈਨਲ ਐਗਜ਼ਿਟ' (The Final Exit) ਅਤੇ 2019 'ਚ ਵਿਕਰਮ ਭੱਟ ਦੀ ਫ਼ਿਲਮ 'ਘੋਸਟ' (Ghost) ਵਿੱਚ ਨਜ਼ਰ ਆਈ। ਹਿੰਦੀ ਤੋਂ ਇਲਾਵਾ ਉਸ ਨੇ ਤੇਲਗੂ ਫ਼ਿਲਮ 'ਥਾਗੇੜੇ ਲੇ' ਅਤੇ ਤਿੰਨ ਭਾਸ਼ਾਵਾਂ 'ਚ ਬਣੀ ਫ਼ਿਲਮ 'ਮਦਰਸੀ ਗੈਂਗ' 'ਚ ਵੀ ਆਪਣੀ ਅਦਾਕਾਰੀ ਦੀ ਛਾਪ ਛੱਡੀ।
Get all latest content delivered to your email a few times a month.