ਤਾਜਾ ਖਬਰਾਂ
ਮ੍ਰਿਤਕ ਵਿਦਿਆਰਥੀ ਦੀ ਪਛਾਣ ਪਾਣੀਪਤ ਵਾਸੀ ਚੈਤੰਨਿਆ ਸਿੰਘ ਵਜੋਂ ਹੋਈ ਹੈ। ਉਹ ਪੰਜਾਬ ਯੂਨੀਵਰਸਿਟੀ ਵਿੱਚ BA LLB ਦੇ ਪੰਜਵੇਂ ਸਾਲ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਵਿਦਿਆਰਥੀ ਰਾਜਨੀਤੀ ਵਿੱਚ ਵੀ ਸਰਗਰਮ ਦੱਸਿਆ ਜਾ ਰਿਹਾ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਚੈਤੰਨਿਆ ਸ਼ਨੀਵਾਰ ਸਵੇਰ ਤੋਂ ਫੋਨ ਨਹੀਂ ਚੁੱਕ ਰਿਹਾ ਸੀ। ਇਸ ਤੋਂ ਬਾਅਦ ਰਾਤ ਸਮੇਂ ਉਸਦੇ ਸਾਥੀ ਵਿਦਿਆਰਥੀ ਉਸਦੇ ਹੋਸਟਲ ਕਮਰੇ ਵਿੱਚ ਪਹੁੰਚੇ। ਅੰਦਰੋਂ ਕੋਈ ਜਵਾਬ ਨਾ ਮਿਲਣ ’ਤੇ ਦਰਵਾਜ਼ਾ ਤੋੜਿਆ ਗਿਆ, ਜਿੱਥੇ ਉਹ ਬੇਹੋਸ਼ ਹਾਲਤ ਵਿੱਚ ਮਿਲਿਆ।
ਯੂਨੀਵਰਸਿਟੀ ਦੇ ਇੱਕ ਅਧਿਕਾਰੀ ਮੁਤਾਬਕ, ਇੱਕ ਸਾਥੀ ਵਿਦਿਆਰਥੀ ਨੇ ਉਸਨੂੰ ਛੱਤ ਵਾਲੇ ਪੱਖੇ ਨਾਲ ਲਟਕਦੀ ਹਾਲਤ ਵਿੱਚ ਦੇਖਿਆ। ਸੁਰੱਖਿਆ ਕਰਮਚਾਰੀਆਂ ਵੱਲੋਂ ਉਸਨੂੰ ਤੁਰੰਤ ਸੈਕਟਰ-16 ਦੇ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਉਸਨੂੰ PGIMER ਰੈਫਰ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਹੋਸਟਲ ਦੇ ਕਮਰੇ ਨੂੰ ਜਾਂਚ ਲਈ ਸੁਰੱਖਿਅਤ ਕੀਤਾ। CFSL ਟੀਮ ਨੂੰ ਵੀ ਰਾਤ ਕਰੀਬ 10:45 ਵਜੇ ਮੌਕੇ ’ਤੇ ਬੁਲਾਇਆ ਗਿਆ। ਫੋਰੈਂਸਿਕ ਟੀਮ ਨੇ ਕਮਰੇ ਵਿੱਚੋਂ ਉਂਗਲਾਂ ਦੇ ਨਿਸ਼ਾਨ ਅਤੇ ਹੋਰ ਜ਼ਰੂਰੀ ਸਬੂਤ ਇਕੱਠੇ ਕੀਤੇ।
ਪੁਲਿਸ ਨੇ ਚੈਤੰਨਿਆ ਦਾ ਮੋਬਾਈਲ ਫੋਨ ਅਤੇ ਕਮਰੇ ਵਿੱਚੋਂ ਹੋਰ ਸਮਾਨ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਘਟਨਾ ਸਥਾਨ ਤੋਂ ਕੋਈ ਨੋਟ ਨਹੀਂ ਮਿਲਿਆ।
ਫਿਲਹਾਲ ਵਿਦਿਆਰਥੀ ਦੀ ਮੌਤ ਦੇ ਕਾਰਨਾਂ ਬਾਰੇ ਪੁਲਿਸ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।
Get all latest content delivered to your email a few times a month.