ਤਾਜਾ ਖਬਰਾਂ
ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਦੋ ਵੱਡੇ ਸਿਆਸੀ ਤੇ ਰਾਜਸੀ ਘਰਾਣੇ ਇੱਕ-ਦੂਜੇ ਨਾਲ ਰਿਸ਼ਤੇਦਾਰੀ 'ਚ ਬੱਝ ਗਏ ਹਨ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਧੀ ਰਿਆ ਬਾਦਲ ਦਾ ਵਿਆਹ ਜੰਮੂ-ਕਸ਼ਮੀਰ ਦੇ ਰਾਜਘਰਾਣੇ ਦੇ ਰਾਜਕੁਮਾਰ ਮਾਰਤੰਡ ਸਿੰਘ ਨਾਲ ਧੂਮਧਾਮ ਨਾਲ ਸੰਪੰਨ ਹੋਇਆ।
ਦਿੱਲੀ ਵਿਖੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਦੀ ਨਿੱਜੀ ਰਿਹਾਇਸ਼ 'ਤੇ ਆਯੋਜਿਤ ਇਸ ਹਾਈ-ਪ੍ਰੋਫਾਈਲ ਸਮਾਗਮ ਵਿੱਚ ਦੇਸ਼ ਦੀਆਂ ਕਈ ਵਿਸ਼ੇਸ਼ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਖ਼ਾਸ ਤੌਰ 'ਤੇ ਪਹੁੰਚ ਕੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ। ਜ਼ਿਕਰਯੋਗ ਹੈ ਕਿ ਵਿਆਹ ਤੋਂ ਕੁਝ ਦਿਨ ਪਹਿਲਾਂ ਮਨਪ੍ਰੀਤ ਬਾਦਲ ਨੇ ਆਪਣੀ ਪਤਨੀ ਵੀਨੂ ਬਾਦਲ, ਪੁੱਤਰ ਅਤੇ ਧੀ ਰਿਆ ਸਮੇਤ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮਾਗਮ ਦਾ ਨਿੱਜੀ ਸੱਦਾ ਦਿੱਤਾ ਸੀ।
ਇਸ ਸਮਾਗਮ ਵਿੱਚ ਸਿਆਸੀ ਵਿਰੋਧਤਾ ਨੂੰ ਪਾਸੇ ਰੱਖਦਿਆਂ ਕਈ ਸਿਆਸੀ ਆਗੂ ਇੱਕ ਛੱਤ ਹੇਠ ਨਜ਼ਰ ਆਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ਼ਿਰਕਤ ਕਰਕੇ ਪਰਿਵਾਰ ਨੂੰ ਵਧਾਈ ਦਿੱਤੀ।
ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ, ਪੰਜਾਬ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ, ਸਾਬਕਾ ਐਮ.ਪੀ. ਸਿਮਰਨਜੀਤ ਸਿੰਘ ਮਾਨ ਅਤੇ ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਰਗੀਆਂ ਨਾਮਵਰ ਸ਼ਖ਼ਸੀਅਤਾਂ ਨੇ ਵੀ ਨਵ-ਵਿਆਹੇ ਜੋੜੇ ਨੂੰ ਸੁਭਕਾਮਨਾਵਾਂ ਦਿੱਤੀਆਂ।
ਦੋਵੇਂ ਪਰਿਵਾਰ ਆਪਣੇ-ਆਪਣੇ ਖੇਤਰ ਵਿੱਚ ਵੱਡੀ ਰਾਜਨੀਤਕ ਤੇ ਵਿਰਾਸਤੀ ਪਛਾਣ ਰੱਖਦੇ ਹਨ:
ਲਾੜੀ (ਰਿਆ ਬਾਦਲ): ਰਿਆ, ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਪੋਤੀ ਹੈ। ਉਨ੍ਹਾਂ ਨੇ ਨਿਊਯਾਰਕ ਯੂਨੀਵਰਸਿਟੀ (NYU) ਤੋਂ ਮੀਡੀਆ, ਕਲਚਰ ਅਤੇ ਕਮਿਊਨੀਕੇਸ਼ਨ ਵਿੱਚ ਉੱਚ ਸਿੱਖਿਆ ਹਾਸਲ ਕੀਤੀ ਹੈ।
ਲਾੜਾ (ਕੁੰਵਰ ਮਾਰਤੰਡ ਸਿੰਘ): ਮਾਰਤੰਡ ਸਿੰਘ, ਜੰਮੂ-ਕਸ਼ਮੀਰ ਦੇ ਆਖਰੀ ਮਹਾਰਾਜਾ ਹਰੀ ਸਿੰਘ ਦੇ ਪੜਪੋਤੇ ਅਤੇ ਸੀਨੀਅਰ ਕਾਂਗਰਸ ਨੇਤਾ ਡਾ. ਕਰਨ ਸਿੰਘ ਦੇ ਪੋਤੇ ਹਨ। ਉਨ੍ਹਾਂ ਦੇ ਪਿਤਾ ਵਿਕਰਮਾਦਿਤਿਆ ਸਿੰਘ ਡੋਗਰਾ ਰਾਜਵੰਸ਼ ਦੇ ਵਾਰਿਸ ਹਨ ਅਤੇ ਮਾਤਾ ਚਿਤ੍ਰਾਂਗਦਾ ਸਿੰਘ, ਮਰਹੂਮ ਕਾਂਗਰਸ ਨੇਤਾ ਮਾਧਵਰਾਓ ਸਿੰਧੀਆ ਦੀ ਧੀ ਹਨ। ਵਿਦੇਸ਼ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਾਰਤੰਡ ਸਿੰਘ ਆਪਣੇ ਪਰਿਵਾਰਕ ਟਰੱਸਟਾਂ ਦਾ ਪ੍ਰਬੰਧਨ ਅਤੇ ਵਿਰਾਸਤੀ ਸੰਭਾਲ ਦਾ ਕੰਮ ਦੇਖ ਰਹੇ ਹਨ।
ਦੋਵਾਂ ਪਰਿਵਾਰਾਂ ਦਾ ਇਹ ਰਿਸ਼ਤਾ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਦੋ ਇਤਿਹਾਸਕ ਅਤੇ ਪ੍ਰਭਾਵਸ਼ਾਲੀ ਘਰਾਣਿਆਂ ਦੇ ਸੁਮੇਲ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਦੀ ਗੂੰਜ ਪੂਰੇ ਸ਼ਾਹੀ ਤੇ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਕੇਂਦਰ ਬਣੀ ਹੋਈ ਹੈ।
Get all latest content delivered to your email a few times a month.