ਤਾਜਾ ਖਬਰਾਂ
ਪੰਜਾਬ ਦੀ ਸਿਆਸਤ ਦਾ ਗੜ੍ਹ ਮੰਨੇ ਜਾਂਦੇ ਮਾਲਵਾ ਖੇਤਰ ਵਿੱਚ ਰਾਹੁਲ ਗਾਂਧੀ ਦੀ ਫੇਰੀ ਨੇ ਸੂਬੇ ਦੇ ਸਿਆਸੀ ਪਾਰੇ ਨੂੰ ਤਪਾ ਦਿੱਤਾ ਹੈ। ਅੱਠ ਮਹੀਨਿਆਂ ਦੇ ਛੋਟੇ ਵਕਫ਼ੇ ਦਰਮਿਆਨ ਮਾਲਵੇ ਵਿੱਚ ਇਹ ਉਨ੍ਹਾਂ ਦੀ ਦੂਜੀ ਵੱਡੀ ਰੈਲੀ ਹੋਣ ਜਾ ਰਹੀ ਹੈ। ਬਰਨਾਲਾ ਤੋਂ ਬਾਅਦ ਹੁਣ ਕਾਂਗਰਸ ਵੱਲੋਂ ਸੰਗਰੂਰ ਵਿੱਚ ਸ਼ਕਤੀ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਹੈ, ਜਿਸ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਦੇ ਰਸਮੀ ਬਿਗਲ ਵਜੋਂ ਦੇਖਿਆ ਜਾ ਰਹਾ ਹੈ।
ਜਿੱਥੇ ਪਿਛਲੀ ਫੇਰੀ ਦੌਰਾਨ ਰਾਹੁਲ ਗਾਂਧੀ ਦਾ ਧਿਆਨ ਮੁੱਖ ਤੌਰ ’ਤੇ ਕਿਸਾਨੀ ਅਤੇ ਮਜ਼ਦੂਰਾਂ ਦੇ ਸਰੋਕਾਰਾਂ ’ਤੇ ਕੇਂਦ੍ਰਿਤ ਸੀ, ਉੱਥੇ ਹੀ ਇਸ ਵਾਰ ਦੀ ਰੈਲੀ ਸਿੱਧੇ ਤੌਰ ’ਤੇ ਚੋਣ ਲਾਹਾ ਲੈਣ ਅਤੇ 'ਆਪ' ਸਰਕਾਰ ਨੂੰ ਘੇਰਨ ਦੇ ਇਰਾਦੇ ਨਾਲ ਉਲੀਕੀ ਗਈ ਹੈ।
ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਵਿੱਚੋਂ 69 ਸੀਟਾਂ ਇਕੱਲੇ ਮਾਲਵਾ ਖੇਤਰ (15 ਜ਼ਿਲ੍ਹੇ: ਲੁਧਿਆਣਾ, ਪਟਿਆਲਾ, ਸੰਗਰੂਰ, ਬਠਿੰਡਾ, ਮਾਨਸਾ, ਮੋਗਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਫਾਜ਼ਿਲਕਾ, ਬਰਨਾਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਮੋਹਾਲੀ ਅਤੇ ਮਲੇਰਕੋਟਲਾ) ਵਿੱਚ ਆਉਂਦੀਆਂ ਹਨ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਮਾਲਵੇ ਦੀ ਸਿਆਸੀ ਹਵਾ ਹੀ ਪੂਰੇ ਪੰਜਾਬ ਦੇ ਨਤੀਜੇ ਤੈਅ ਕਰਦੀ ਹੈ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਇਸੇ ਖੇਤਰ ਵਿੱਚ ਸਭ ਤੋਂ ਵੱਡਾ ਝਟਕਾ ਲੱਗਾ ਸੀ, ਜਿੱਥੇ ਪਾਰਟੀ ਮਹਿਜ਼ 2 ਸੀਟਾਂ (ਜਿਨ੍ਹਾਂ 'ਚੋਂ 1 ਸੀਟ ਬਾਅਦ 'ਚ ਜ਼ਮਾਨਤੀ ਚੋਣ 'ਚ ਗੁਆ ਦਿੱਤੀ) 'ਤੇ ਸਿਮਟ ਕੇ ਰਹਿ ਗਈ ਸੀ।
ਪਿਛਲੀਆਂ ਚੋਣਾਂ ਵਿੱਚ ਮਾਲਵੇ 'ਚ ਕਾਂਗਰਸ ਦਾ ਪ੍ਰਦਰਸ਼ਨ:
1997: 09 ਸੀਟਾਂ
2002: 29 ਸੀਟਾਂ
2007: 37 ਸੀਟਾਂ
2012: 31 ਸੀਟਾਂ
2017: 40 ਸੀਟਾਂ
2022: 02 ਸੀਟਾਂ (ਪੰਜ ਦਹਾਕਿਆਂ ਦਾ ਸਭ ਤੋਂ ਮਾੜਾ ਪ੍ਰਦਰਸ਼ਨ)
ਪਿਛਲੀਆਂ ਚੋਣਾਂ ਵਿੱਚ ਕਾਂਗਰਸ ਦੀ ਨਾਮੋਸ਼ੀਜਨਕ ਹਾਰ ਪਿੱਛੇ ਅੰਦਰੂਨੀ ਕਲੇਸ਼, ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲੀ ਖਿੱਚੋਤਾਣ ਅਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਬਣੀ ਦੁਬਿਧਾ ਮੁੱਖ ਕਾਰਨ ਸਨ। ਇਸ ਤੋਂ ਇਲਾਵਾ ਚੋਣਾਂ ਤੋਂ ਠੀਕ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਾਰਟੀ ਛੱਡਣਾ ਅਤੇ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਬਣਾਉਣਾ ਵੀ ਕਾਂਗਰਸ ਲਈ ਨੁਕਸਾਨਦੇਹ ਸਾਬਤ ਹੋਇਆ।
ਕਿਉਂਕਿ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਹੈ, ਇਸ ਲਈ ਰਾਹੁਲ ਗਾਂਧੀ ਦੀ ਇਸ ਰੈਲੀ 'ਚੋਂ ਨਿਕਲਣ ਵਾਲੇ ਤੀਰ ਸਿੱਧੇ ਸੂਬਾ ਸਰਕਾਰ 'ਤੇ ਵਿੰਨ੍ਹੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਸਟੇਜ ਤੋਂ:
ਵਧਦੇ ਨਸ਼ੇ ਅਤੇ ਇਸ ਨਾਲ ਹੋ ਰਹੀਆਂ ਮੌਤਾਂ,
ਵਿਗੜਦੀ ਕਾਨੂੰਨ ਵਿਵਸਥਾ ਤੇ ਗੈਂਗਸਟਰਵਾਦ,
ਕਾਰੋਬਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ,
ਭ੍ਰਿਸ਼ਟਾਚਾਰ ਅਤੇ ਕਿਸਾਨੀ ਮੁੱਦਿਆਂ 'ਤੇ ਸਰਕਾਰ ਨੂੰ ਘੇਰਨਗੇ।
ਇਹ ਰੈਲੀ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਅਤੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਦੀ ਸੰਗਠਨਾਤਮਕ ਸਮਰੱਥਾ ਲਈ ਵੀ ਵੱਡੀ ਪ੍ਰੀਖਿਆ ਮੰਨੀ ਜਾ ਰਹੀ ਹੈ। ਪਿਛਲੇ ਚਾਰ ਮਹੀਨਿਆਂ ਤੋਂ ਧੜੇਬੰਦੀ ਨਾਲ ਜੂਝ ਰਹੀ ਪੰਜਾਬ ਕਾਂਗਰਸ ਦੇ ਤਮਾਮ ਆਗੂ ਹੁਣ ਇਸ ਰੈਲੀ ਜ਼ਰੀਏ ਇੱਕਮੁੱਠਤਾ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
Get all latest content delivered to your email a few times a month.