ਤਾਜਾ ਖਬਰਾਂ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਮੋਰਨੀ ਦੌਰੇ ਤੋਂ ਵਾਪਸ ਪਰਤ ਰਹੇ ਕਾਫ਼ਲੇ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ। ਕਾਫ਼ਲੇ ਵਿੱਚ ਸ਼ਾਮਲ ਇੱਕ ਫਾਇਰ ਟੈਂਡਰ ਬੇਕਾਬੂ ਹੋ ਕੇ ਕਰੀਬ 50 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗਿਆ। ਹਾਦਸੇ ਦੌਰਾਨ ਗੱਡੀ ਵਿੱਚ ਸਵਾਰ ਚਾਰ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪੰਚਕੂਲਾ ਦੇ ਜਨਰਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ, ਮੁੱਖ ਮੰਤਰੀ ਨਾਇਬ ਸੈਣੀ ਮੰਗਲਵਾਰ ਨੂੰ ਮੋਰਨੀ ਬਲਾਕ ਵਿੱਚ ਕਰਵਾਏ ਗਏ ਸੂਬੇ ਦੇ ਪਹਿਲੇ ਜੈਵਿਕ ਅਤੇ ਕੁਦਰਤੀ ਖੇਤੀ ਕਿਸਾਨ ਮੇਲੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਚਕੂਲਾ ਵਾਪਸ ਆ ਰਹੇ ਸਨ। ਉਨ੍ਹਾਂ ਦੇ ਕਾਫ਼ਲੇ ਵਿੱਚ ਕਰੀਬ 15 ਗੱਡੀਆਂ ਸ਼ਾਮਲ ਸਨ। ਮੁੱਖ ਮੰਤਰੀ ਦੀ ਗੱਡੀ ਸਭ ਤੋਂ ਅੱਗੇ ਸੀ, ਜਦਕਿ ਫਾਇਰ ਟੈਂਡਰ ਕਾਫ਼ਲੇ ਦੇ ਪਿੱਛੇ ਚੱਲ ਰਿਹਾ ਸੀ।
ਚੰਡੀਮੰਦਰ ਥਾਣੇ ਦੇ ਐੱਸਐੱਚਓ ਰਾਮਪਾਲ ਅਨੁਸਾਰ, ਥਾਪਲੀ ਨੇਚਰ ਕੈਂਪ ਦੇ ਨੇੜੇ ਇੱਕ ਤਿੱਖੇ ਮੋੜ 'ਤੇ ਫਾਇਰ ਟੈਂਡਰ ਚਾਲਕ ਗੱਡੀ ਤੋਂ ਆਪਣਾ ਸੰਤੁਲਨ ਗੁਆ ਬੈਠਾ। ਫਾਇਰ ਟੈਂਡਰ ਦਾ ਪਾਣੀ ਵਾਲਾ ਟੈਂਕ ਪੂਰੀ ਤਰ੍ਹਾਂ ਭਰਿਆ ਹੋਣ ਕਾਰਨ ਮੋੜ ਕੱਟਦੇ ਸਮੇਂ ਗੱਡੀ ਅਸੰਤੁਲਿਤ ਹੋ ਗਈ ਅਤੇ ਪਲਟ ਕੇ ਖੱਡ ਵਿੱਚ ਜਾ ਡਿੱਗੀ। ਹੇਠਾਂ ਡਿੱਗਣ ਤੋਂ ਬਾਅਦ ਗੱਡੀ ਦਰੱਖਤਾਂ ਅਤੇ ਚੱਟਾਨਾਂ ਨਾਲ ਟਕਰਾਉਂਦੀ ਹੋਈ ਰੁਕੀ।
ਹਾਦਸੇ ਵਿੱਚ ਡਰਾਈਵਰ ਮੋਹਿਤ ਅਤੇ ਫਾਇਰ ਆਪਰੇਟਰ ਲੇਖਰਾਜ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ। ਲੇਖਰਾਜ ਦੀ ਬਾਂਹ ਵਿੱਚ ਫਰੈਕਚਰ ਹੋਣ ਦੀ ਜਾਣਕਾਰੀ ਮਿਲੀ ਹੈ, ਜਦਕਿ ਦੋ ਹੋਰ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੱਡੀ ਵਿੱਚ ਫਸੇ ਮੁਲਾਜ਼ਮਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਹਾਦਸੇ ਸਮੇਂ ਮੁੱਖ ਮੰਤਰੀ ਦਾ ਵਾਹਨ ਕਾਫ਼ਲੇ ਤੋਂ ਕਾਫ਼ੀ ਅੱਗੇ ਨਿਕਲ ਚੁੱਕਾ ਸੀ, ਜਿਸ ਕਾਰਨ ਉਹ ਬਿਨਾਂ ਰੁਕੇ ਅੱਗੇ ਵਧ ਗਏ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੋਰਨੀ ਵਿੱਚ ਆਯੋਜਿਤ ਸੂਬੇ ਦੇ ਪਹਿਲੇ ਜੈਵਿਕ ਅਤੇ ਕੁਦਰਤੀ ਖੇਤੀ ਕਿਸਾਨ ਮੇਲੇ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ 'ਮਾਟੀ ਵੰਦਨ ਅਭਿਆਨ' ਅਤੇ 'ਨਮੋ ਮੋਰਨੀ ਮਿਸ਼ਨ' ਦੀ ਸ਼ੁਰੂਆਤ ਕਰਦਿਆਂ ਖੇਤਰ ਦੇ ਕਿਸਾਨਾਂ ਲਈ ਕਈ ਅਹਿਮ ਐਲਾਨ ਕੀਤੇ।
ਸਰਕਾਰ ਵੱਲੋਂ ਮੋਰਨੀ ਦੇ ਜੈਵਿਕ ਉਤਪਾਦਾਂ ਨੂੰ 'ਮੋਰਨੀ ਆਰਗੈਨਿਕ ਫਰੈਸ਼' ਬ੍ਰਾਂਡ ਹੇਠ ਬਾਜ਼ਾਰ ਵਿੱਚ ਉਤਾਰਨ ਦੀ ਯੋਜਨਾ ਬਣਾਈ ਗਈ ਹੈ। ਇਸ ਕੰਮ ਲਈ ਹਾਫੇਡ ਨੂੰ ਨੋਡਲ ਏਜੰਸੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੂਰੇ ਮੋਰਨੀ ਬਲਾਕ ਨੂੰ ਜੈਵਿਕ ਖੇਤੀ ਵਾਲੇ ਖੇਤਰ ਵਜੋਂ ਵਿਕਸਤ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੇ ਕਮਿਊਨਿਟੀ ਰਿਸੋਰਸ ਪਰਸਨਜ਼ ਦਾ ਮਹੀਨਾਵਾਰ ਮਾਣਭੱਤਾ ਵਧਾ ਕੇ 10 ਹਜ਼ਾਰ ਰੁਪਏ ਕਰਨ ਦਾ ਐਲਾਨ ਵੀ ਕੀਤਾ ਗਿਆ। ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਹੈਲਪਲਾਈਨ ਨੰਬਰ 01733-297010 ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਮੁਫ਼ਤ ਕਣਕ ਤੇ ਸਬਜ਼ੀਆਂ ਦੇ ਬੀਜ, ਜੈਵਿਕ ਖਾਦਾਂ ਅਤੇ ਪੌਦੇ ਵੀ ਮੁਹੱਈਆ ਕਰਵਾਏ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਮੋਰਨੀ ਨੂੰ ਸਾਲ 2029 ਤੱਕ ਦੇਸ਼ ਦੇ ਪ੍ਰਮੁੱਖ ਜੈਵਿਕ ਖੇਤੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਹੁਣ ਤੱਕ ਕਰੀਬ 2 ਲੱਖ ਕਿਸਾਨ ਕੁਦਰਤੀ ਖੇਤੀ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਅਤੇ ਲਗਭਗ 3 ਲੱਖ ਏਕੜ ਜ਼ਮੀਨ ਇਸ ਲਈ ਰਜਿਸਟਰ ਹੋਈ ਹੈ। ਇਸ ਤੋਂ ਇਲਾਵਾ ਦੇਸੀ ਗਾਵਾਂ ਦੀ ਖਰੀਦ 'ਤੇ ਸਬਸਿਡੀ ਵਧਾ ਕੇ 30 ਹਜ਼ਾਰ ਰੁਪਏ ਕਰਨ ਅਤੇ ਮੋਰਨੀ ਵਿੱਚ ਖੇਤੀਬਾੜੀ ਨਾਲ ਸਬੰਧਤ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਵੀ ਕਹੀ ਗਈ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕੁਦਰਤੀ ਖੇਤੀ ਸਬੰਧੀ ਜਾਗਰੂਕਤਾ ਲਈ ਸੂਬੇ ਵਿੱਚ 15 ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ, ਜਿਨ੍ਹਾਂ ਦੀ ਸਮਾਪਤੀ 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਨਾਲ ਹੋਵੇਗੀ। ਇਸ ਦੌਰਾਨ ਵੱਖ-ਵੱਖ ਸੂਬਿਆਂ ਦੇ ਖੇਤੀਬਾੜੀ ਮਾਹਿਰ ਆਪਣੇ ਤਜਰਬੇ ਅਤੇ ਸਫਲ ਮਾਡਲ ਸਾਂਝੇ ਕਰਨਗੇ।
Get all latest content delivered to your email a few times a month.